ਲੁਧਿਆਣਾ:ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ ਅਤੇ ਇਸ ਨੂੰ ਲੈ ਕੇ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਨਾਲ ਡਾ. ਮਨਮੋਹਨ ਸਿੰਘ ਦਾ ਗਹਿਰਾ ਨਾਤਾ ਸੀ, ਕਿਉਂਕਿ ਉਹਨਾਂ ਦੀ ਭੈਣ ਅਤੇ ਭਾਂਣਜੇ ਵੀ ਲੁਧਿਆਣਾ ਵਿੱਚ ਹੀ ਰਹਿੰਦੇ ਹਨ। ਉਹਨਾਂ ਦੀ ਭਾਂਣਜੀ ਨੇ ਗੱਲਬਾਤ ਦੌਰਾਨ ਕਿਹਾ ਕਿ ਜਿੱਥੇ ਉਹ ਇੱਕ ਨੇਕ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ ਉਥੇ ਹੀ ਉਹਨਾਂ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ। ਉਹਨਾਂ ਕਿਹਾ ਕਿ ਦੇਸ਼ ਨੇ ਇੱਕ ਹੀਰੇ ਨੂੰ ਗਵਾ ਦਿੱਤਾ ਹੈ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਲੁਧਿਆਣਾ ਦੇ ਨਾਲ ਗਹਿਰਾ ਨਾਤਾ (Etv Bharat (ਲੁਧਿਆਣਾ, ਪੱਤਰਕਾਰ)) ਗੁਰਮੀਤ ਕੌਰ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਉਹਨਾਂ ਦੇ ਰਿਸ਼ਤੇ ਦੇ ਵਿੱਚ ਮਾਸੜ ਲੱਗਦੇ ਸਨ। ਉਹਨਾਂ ਕਿਹਾ ਕਿ ਉਹ ਨਾ ਸਿਰਫ ਇੱਕ ਨੇਕ ਦਿਲ ਇਨਸਾਨ ਸਨ। ਸਗੋਂ ਉਹਨਾਂ ਵੱਲੋਂ ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਵੀ ਅਹਿਮ ਯੋਗਦਾਨ ਪਾਇਆ ਗਿਆ ਅਤੇ ਆਪਣੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਤੋਂ ਅੱਜ ਵੀ ਲੋਕ ਪ੍ਰੇਰਿਤ ਹਨ।
ਉਹਨਾਂ ਕਿਹਾ ਕਿ ਉਹ ਸਾਡੀ ਸਿੱਖਿਆ ਨੂੰ ਲੈ ਕੇ ਵੀ ਅਕਸਰ ਹੀ ਚਿੰਤਿਤ ਰਹਿੰਦੇ ਸਨ ਅਤੇ ਵੱਧ ਤੋਂ ਵੱਧ ਪੜਾਉਣ ਸਬੰਧੀ ਹਮੇਸ਼ਾ ਹੀ ਸਾਰਿਆਂ ਨੂੰ ਉਤਸਾਹਿਤ ਕਰਦੇ ਸਨ। ਉਹਨਾਂ ਇਹ ਵੀ ਕਿਹਾ ਕਿ ਜ਼ਿਆਦਾਤਰ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਰਹਿੰਦੇ ਸਨ ਅਤੇ ਆਪਣੇ ਕੰਮ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਸਮਰਪਿਤ ਸਨ।
ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਜ਼ਿੰਦਗੀ ਹਰ ਕਿਸੇ ਲਈ ਪ੍ਰੇਰਣਾ ਦਾ ਸਰੋਤ ਹੈ। ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਜਿੰਨੀਆਂ ਉਚਾਈਆਂ ਹਾਸਲ ਕੀਤੀਆਂ, ਉਨ੍ਹੇ ਹੀ ਉਹ ਜ਼ਮੀਨ ਨਾਲ ਜੁੜੇ ਰਹੇ...
- ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਲਹਿੰਦੇ ਪੰਜਾਬ ਵਿੱਚ ਹੋਇਆ ਸੀ।
- ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ।
- ਉਨ੍ਹਾਂ ਆਪਣੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ।
- ਇਸਤੋਂ ਬਾਅਦ ਕੈਂਬਰਿਜ ਯੂਨੀਵਰਸਿਟੀ ਤੋਂ ਉਨ੍ਹਾਂ ਪੀਐਚਡੀ. ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਡੀ. ਫਿੱਲ ਕੀਤੀ।
- ਮਨਮੋਹਨ ਸਿੰਘ ਨੇ ਅਰਥ ਸ਼ਾਸਤਰ ਦੇ ਅਧਿਆਪਕ ਵੱਜੋਂ ਬਹੁਤ ਪ੍ਰਸਿੱਧੀ ਹਾਸਲ ਕੀਤੀ।
- ਉਹ ਪੰਜਾਬ ਯੂਨੀਵਰਸਿਟੀ ਅਤੇ ਬਾਅਦ ਵਿੱਚ ਦਿੱਲੀ ਸਕੂਲ ਆਫ਼ ਇਕਨਾਮਿਕਸ ਵਿੱਚ ਲੈਕਚਰਾਰ ਰਹੇ।
- ਇਸ ਦੌਰਾਨ, ਉਹ ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਸੰਮੇਲਨ ਸਕੱਤਰੇਤ ਦੇ ਸਲਾਹਕਾਰ ਵੀ ਰਹੇ।
- 1987 ਅਤੇ 1990 ਵਿੱਚ ਉਹ ਜਿਨੀਵਾ ਵਿੱਚ ਦੱਖਣੀ ਕਮਿਸ਼ਨ ਦੇ ਸਕੱਤਰ ਵੀ ਰਹੇ।
- 1971 ਵਿੱਚ ਉਨ੍ਹਾਂ ਨੂੰ ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦਾ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।
- ਇਸ ਤੋਂ ਤੁਰੰਤ ਬਾਅਦ, 1972 ਵਿੱਚ, ਉਨ੍ਹਾਂ ਨੂੰ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਬਣਾਇਆ ਗਿਆ।
- ਬਾਅਦ ਦੇ ਸਾਲਾਂ ਵਿੱਚ ਉਹ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ, ਰਿਜ਼ਰਵ ਬੈਂਕ ਦੇ ਗਵਰਨਰ, ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਅਤੇ ਯੂਜੀਸੀ ਦੇ ਚੇਅਰਮੈਨ ਵੀ ਰਹੇ।
- ਆਰਥਿਕ ਮਾਮਲਿਆਂ ਚ ਉਨ੍ਹਾਂ ਦੀ ਪਕੜ ਨੂੰ ਵੇਖਦੇ ਹੋਏ ਪੀਵੀ ਨਰਸਿਮਹਾ ਦੀ ਸਰਕਾਰ ਵਿੱਚ ਮਨਮੋਹਨ ਸਿੰਘ ਨੂੰ 1991 ਤੋਂ 1996 ਤੱਕ ਦੇਸ਼ ਦਾ ਖਜ਼ਾਨਾ ਮੰਤਰੀ ਨਿਯੁਕਤ ਕੀਤਾ ਗਿਆ।
- ਜਦੋਂ ਪੂਰੀ ਦੁਨੀਆ ਵਿੱਚ ਮੰਦੀ ਦਾ ਦੌਰ ਸੀ, ਉਦੋਂ ਵੀ ਭਾਰਤ ਦੇ ਅਰਥਚਾਰੇ ਨੂੰ ਬਚਾਉਣ ਦਾ ਸਿਹਰਾ ਡਾ ਮਨਮੋਹਨ ਸਿੰਘ ਦੇ ਸਿਰ ਤੇ ਹੀ ਬੰਨ੍ਹਿਆ ਜਾਂਦਾ ਹੈ।