ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਸੁੱਚਾ ਸਿੰਘ ਲੰਗਾਹ ਤੇ ਮਨਪ੍ਰੀਤ ਬਾਦਲ (ETV BHARAT (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ 'ਚ ਬਗਾਵਤ ਸਿਖਰਾਂ 'ਤੇ ਹੈ, ਜਿਸ ਦੇ ਚੱਲਦੇ ਅਕਾਲੀ ਦਲ ਤੋਂ ਬਾਗੀ ਹੋਏ ਲੀਡਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ਼ ਸ਼ਿਕਾਇਤ ਕਰਦਿਆਂ ਭੁੱਲਾਂ ਲਈ ਮੁਆਫ਼ੀ ਮੰਗੀ ਸੀ। ਇਸ ਸ਼ਿਕਾਇਤ 'ਚ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀਆਂ ਤੋਂ ਲੈਕੇ ਹੋਰ ਕਈ ਮੁੱਦੇ ਚੁੱਕੇ ਗਏ ਸਨ। ਜਿਸ ਨੂੰ ਲੈਕੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਤੇ ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਹੈ।
ਸੁਖਬੀਰ ਬਾਦਲ ਤਨਖਾਹੀਆ ਕਰਾਰ:ਦੱਸ ਦਈਏ ਕਿ ਇਸ ਸ਼ਿਕਾਇਤ ਨੂੰ ਲੈਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਵਲੋਂ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਗਿਆ ਸੀ ਤੇ ਨਾਲ ਹੀ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਦਾ ਹਵਾਲਾ ਵੀ ਦਿੱਤਾ ਗਿਆ ਸੀ। ਉਥੇ ਹੀ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਹੋਈ ਇਕੱਤਰਤਾ 'ਚ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤੇ ਨਾਲ ਹੀ ਉਸ ਅਕਾਲੀ ਸਰਕਾਰ ਦੇ ਸਿੱਖ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਦੇ ਹੁਕਮ ਜਾਰੀ ਕੀਤੇ ਸਨ।
ਲੰਗਾਹ ਤੇ ਮਨਪ੍ਰੀਤ ਬਾਦਲ ਹੋਏ ਪੇਸ਼:ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਪੰਜ ਹੋਰ ਸਾਬਕਾ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਬੀਤੇ ਕੱਲ੍ਹ ਮਾਝੇ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਅਤੇ ਉਹਨਾਂ ਵੱਲੋਂ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਤੇ ਮਨਪ੍ਰੀਤ ਸਿੰਘ ਬਾਦਲ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਅਕਾਲ ਤਖ਼ਤ ਸਾਹਿਬ ਦਾ ਹੁਕਮ ਪ੍ਰਵਾਨ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਮੈਂ 2007 ਤੋਂ ਲੈ ਕੇ 2012 ਤੱਕ ਵਜ਼ੀਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਰੱਬ ਤੋਂ ਬਾਅਦ ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਰਬਉੱਚ ਹੈ, ਜਿਸ ਦੇ ਚੱਲਦੇ ਮੈਂ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇਣ ਲਈ ਆਇਆ ਹਾਂ। ਲੰਗਾਹ ਨੇ ਕਿਹਾ ਕਿ ਅੱਗੇ ਜੋ ਵੀ ਹੁਕਮ ਜਾਂ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਵੇਗਾ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ।
ਰਾਮ ਰਹੀਮ ਦੀ ਨਹੀਂ ਪਈ ਕਦੇ ਲੋੜ: ਇਸ ਦੇ ਨਾਲ ਹੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਹ ਸਿਰਫ਼ ਆਪਣਾ ਸਪੱਸ਼ਟੀਕਰਨ ਦੇਣ ਲਈ ਆਏ ਹਨ ਤੇ ਬਾਕੀ ਕਿਸੇ ਹੋਰ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਅਕਸਰ ਵੋਟਰਾਂ ਦੇ ਇੰਨ੍ਹਾਂ ਡੇਰਿਆਂ ਨਾਲ ਸੰਪਰਕ ਹੁੰਦੇ ਹਨ ਪਰ ਨਾ ਤਾਂ ਸਾਡੇ ਜ਼ਿਲ੍ਹੇ 'ਚ ਕੋਈ ਰਾਮ ਰਹੀਮ ਦੇ ਡੇਰਾ ਹੈ ਤੇ ਨਾ ਹੀ ਕੋਈ ਚਰਚਾ ਘਰ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਉਹ ਕਦੇ ਰਾਮ ਰਹੀਮ ਨੂੰ ਮਿਲੇ ਹਨ ਤੇ ਨਾ ਹੀ ਕਦੇ ਉਨ੍ਹਾਂ ਨੂੰ ਲੋੜ ਪਈ ਹੈ। ਲੰਗਾਹ ਨੇ ਕਿਹਾ ਕਿ ਜੋ ਵੀ ਗੁਰੂ ਘਰ ਨਾਲ ਟੱਕਰ ਲਵੇਗਾ, ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਵੇਗਾ।