ਅੰਮ੍ਰਿਤਸਰ: ਸ੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਸਰਕਾਰ ਸਮੇਂ ਹੋਏ 'ਗੁਨਾਹ' ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡੀ ਸਜ਼ਾ ਸੁਣਾਈ ਗਈ ਹੈ। ਦਰਅਸਲ ਅਕਾਲੀ ਦਲ ਦੀ ਸਰਕਾਰ ਵੇਲੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਸੁਖਬੀਰ ਬਾਦਲ ਤੇ ਹੋਰ ਸਿੱਖ ਮੰਤਰੀਆਂ ਨੂੰ ਧਾਰਮਿਕ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ, ਨੂੰ ਦਿੱਤਾ ਗਿਆ 'ਫ਼ਖ਼ਰ-ਏ-ਕੌਮ' ਦਾ ਖਿਤਾਬ ਵਾਪਸ ਲੈ ਲਿਆ ਗਿਆ ਹੈ।
ਕਦੋਂ ਮਿਲਿਆ ਸੀ 'ਫ਼ਖ਼ਰ-ਏ-ਕੌਮ'
6 ਦਸੰਬਰ 2011 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਕ ਵਿਹੜੇ ਵਿੱਚ ਹੱਥ ਜੋੜ ਕੇ ਖੜ੍ਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕੌਮ ਦੇ ਸਭ ਤੋਂ ਵੱਡੇ ਸਨਮਾਨ ‘ਫ਼ਖ਼ਰ-ਏ-ਕੌਮ ਪੰਥ ਰਤਨ’ ਨਾਲ ਸਨਮਾਨਿਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਸਿਰੀ ਸਾਹਿਬ ਅਤੇ ਚਾਂਦੀ ਦੀ ਪਲੇਟ ਵੀ ਦਿੱਤੀ ਗਈ ਸੀ। ਸਿੱਖ ਮਰਿਆਦਾ ਅਨੁਸਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਲਾਨ ਹੇਠਾਂ ਖੜ੍ਹੇ ਪ੍ਰਕਾਸ਼ ਸਿੰਘ ਬਾਦਲ ਦੇ ਗਲ ਵਿਚ ਮਾਲਾ ਪਾਈ ਸੀ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਨਿਮਰਤਾ ਸਹਿਤ ਅਕਾਲ ਤਖ਼ਤ ਸਾਹਿਬ ਤੋਂ ਇਹ ਸਨਮਾਨ ਪ੍ਰਵਾਨ ਕੀਤਾ ਸੀ। ਇਸ ਸਨਮਾਨ ਦੇ ਨਾਲ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਾਦਲ ਨੂੰ ‘ਭਰਾ ਤੇ ਜਥੇਦਾਰ’ ਦਾ ਖਿਤਾਬ ਵੀ ਦਿੱਤਾ ਸੀ।