ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਪਹਿਲੇ ਜੱਥੇ ਨੇ ਅੱਜ ਸ਼ੰਭੂ ਬਾਰਡਰ ਤੋਂ ਕੂਚ ਕੀਤਾ ਪਰ ਢਾਈ ਘੰਟੇ ਦੀ ਖਿੱਚੋਤਾਣ ਮਗਰੋਂ ਕਿਸਾਨਾਂ ਨੇ ਅੱਜ ਦੇ ਜੱਥੇ ਨੂੰ ਵਾਪਸ ਬੁਲਾ ਲਿਆ। ਇਸ ਸਭ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਦੀ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੁਝ ਕਿਸਾਨਾਂ ਦੀਆਂ ਸੱਟਾਂ ਨੂੰ ਦੇਖਦਿਆਂ ਅਸੀਂ ਅੱਜ ਲਈ ਜਥਾ ਵਾਪਸ ਬੁਲਾ ਲਿਆ ਹੈ। ਕਿਸਾਨਾਂ ਦਾ ਜਥਾ ਜੋ ਕੱਲ੍ਹ ਜਾਣਾ ਸੀ ਹੁਣ ਪਰਸੋਂ ਚਲੇਗਾ। ਸ਼ੰਭੂ ਸਰਹੱਦ ‘ਤੇ ਸੁਰੱਖਿਆ ਕਰਮੀਆਂ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਕੁਝ ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਵੱਲ ਆਪਣਾ ਪੈਦਲ ਮਾਰਚ ਮੁਲਤਵੀ ਕਰ ਦਿੱਤਾ। ਉਨ੍ਹਾਂ ਆਖਿਆ ਕਿ ਸਾਡੇ ਤੋਂ ਗੱਲਬਾਤ ਲਈ ਸਮਾਂ ਮੰਗਿਆ ਗਿਆ ਅਤੇ ਅਸੀਂ ਕੱਲ ਤੱਕ ਗੱਲਬਾਤ ਦੇ ਸੱਦੇ ਦਾ ਇੰਤਜ਼ਾਰ ਕਰਾਂਗੇ ਅਤੇ 8 ਦਸੰਬਰ ਨੂੰ ਮੁੜ ਦਿੱਲੀ ਵੱਲ ਕੂਚ ਕਰਾਂਗੇ।
ਹਰਿਆਣਾ ਪੁਲਿਸ ਨੇ ਕੀ ਆਖਿਆ
ਜਦੋਂ ਹਰਿਆਣਾ ਦੇ ਪ੍ਰਸਾਸ਼ਨ ਨੇ ਕਿਸਾਨਾਂ ਆਗੂਆਂ ਨਾਲ ਗੱਲ ਕੀਤੀ ਤਾਂ ਹਰਿਆਣਾ ਪੁਲਿਸ ਦੇ ਐਸ.ਪੀ ਨੇ ਸਾਨੂੰ ਕਿਹਾ ਹੈ ਕਿ ਸਾਡੀ ਗੱਲ ਉਠਾਈ ਜਾਵੇਗੀ। ਇਸ ਲਈ ਅਸੀਂ ਕੇਂਦਰ ਸਰਕਾਰ ਨੂੰ ਇੱਕ ਦਿਨ ਦਾ ਸਮਾਂ ਦਿੰਦੇ ਹਾਂ ਅਤੇ ਆਪਣੇ ਜ਼ਖਮੀਆਂ ਦੀ ਹਾਲਤ ਵਿੱਚ ਸੁਧਾਰ ਦੀ ਉਡੀਕ ਕਰਨ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਆਪਣਾ ਅੰਦੋਲਨ ਇੱਕ ਦਿਨ ਲਈ ਮੁਲਤਵੀ ਕਰਦੇ ਹਾਂ। ਜੇਕਰ ਗੱਲਬਾਤ ਨਾਲ ਮਸਲੇ ਦਾ ਹੱਲ ਹੁੰਦਾ ਹੈ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ।
ਕਿਸਾਨਾਂ ਨੇ ਦਿੱਲੀ ਕੂਚ ਦੀ ਬਣਾਈ ਯੋਜਨਾ (ETV Bharat (ਸ਼ੰਭੂ , ਪੱਤਰਕਾਰ )) ਅਸੀਂ ਟਕਰਾਅ ਨਹੀਂ ਚਾਹੁੰਦੇ
ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਮਗਰੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਪੁਲੀਸ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ। ਜਾਂ ਤਾਂ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਜਾਂ ਕੇਂਦਰ ਸਰਕਾਰ ਸਾਡੇ ਨਾਲ ਗੱਲ ਕਰੇ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਸਾਡੇ ਕੋਲੋਂ ਮੰਗ ਪੱਤਰ ਮੰਗਿਆ ਹੈ। ਪੰਧੇਰ ਨੇ ਕਿਹਾ ਕਿ ਅਸੀਂ ਗੱਲਬਾਤ ਦੀ ਉਡੀਕ ਕਰਾਂਗੇ ਅਤੇ ਸਾਰੀ ਰਣਨੀਤੀ ਦੀ ਸਮੀਖਿਆ ਕਰਾਂਗੇ। ਪੰਜਾਬ ਵਿੱਚ ਅਸੀਂ ਫੈਸਲਾ ਕੀਤਾ ਹੈ ਕਿ ਜਿੱਥੇ ਵੀ ਭਾਜਪਾ ਆਗੂ ਜਾਣਗੇ, ਉਨ੍ਹਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਅੱਜ ਸਾਡੇ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਹਨ।
ਅੱਜ ਰਵਾਨਾ ਹੋਇਆ ਸੀ ਪਹਿਲਾ ਜੱਥਾ
ਕਾਬਲੇਜ਼ਿਕਰ ਹੈ ਕਿ ਅੱਜ ਸ਼ੁੱਕਰਵਾਰ ਨੂੰ 101 ਕਿਸਾਨਾਂ ਦੇ ‘ਜੱਥੇ’ ਨੇ ਸ਼ੰਭੂ ਸਰਹੱਦ ‘ਤੇ ਉਨ੍ਹਾਂ ਦੇ ਪ੍ਰਦਰਸ਼ਨ ਵਾਲੀ ਥਾਂ ਤੋਂ ਦਿੱਲੀ ਵੱਲ ਪੈਦਲ ਮਾਰਚ ਸ਼ੁਰੂ ਕੀਤਾ, ਪਰ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਦੁਆਰਾ ਲਗਾਏ ਬੈਰੀਕੇਡਾਂ ਦੁਆਰਾ ਕੁਝ ਮੀਟਰ ਦੀ ਦੂਰੀ ‘ਤੇ ਰੋਕ ਲਿਆ ਗਿਆ। ਸੁਰੱਖਿਆ ਕਰਮੀਆਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਛੱਡੇ। ਹਰਿਆਣਾ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਭਾਰਤੀ ਸਿਵਲ ਕੋਡ ਦੀ ਧਾਰਾ 163 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕਰਨ ਦਾ ਹਵਾਲਾ ਦਿੰਦੇ ਹੋਏ ਅੱਗੇ ਨਾ ਵਧਣ ਲਈ ਕਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਕਿ ਹੁਣ ਅਸੀਂ ਪੈਦਲ ਜਾਣ ਦੀ ਮੰਗ ਕਰ ਰਹੇ ਹਾਂ ਪਰ ਸਾਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਜੋ ਸਰਾਸਰ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਧੱਕਾ ਹੈ।