ਅੰਮ੍ਰਿਤਸਰ:ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਸ਼ੰਭੂ ਬਾਰਡਰ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਹੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਪੰਜਾਬ ਸਰਕਾਰ ਤੋਂ ਕੁਝ ਮੰਗਾਂ ਨੂੰ ਲੈ ਕੇ ਪਿਛਲੇ ਦਿਨੇ ਅੰਮ੍ਰਿਤਸਰ ਦੇ ਡੀਸੀ ਦਫਤਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਪ੍ਰਸ਼ਾਸਨ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਸੀ ਅਤੇ ਕਿਹਾ ਸੀ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਦੇਵੀਦਾਸਪੁਰੇ ਵਿਖੇ ਰੇਲਾ ਰੋਕ ਕੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਾਂਗੇ। ਉਸ ਤੋਂ ਬਾਅਦ ਡੀਸੀ ਅਤੇ ਪ੍ਰਸ਼ਾਸਨ ਦੀ ਨਾਲ ਕਿਸਾਨਾਂ ਦੀ ਮੁਲਾਕਾਤ ਹੋਈ। ਇਸ ਦੌਰਾਨ ਡੀਸੀ ਤੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ਤੋਂ ਬਆਦ ਕਿਸਾਨ ਆਗੂਆਂ ਨੇ ਅੰਮ੍ਰਿਤਸਰ ਵਿੱਚ ਰੇਲਵੇ ਟਰੈਕ ਰੋਕਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ।
ਕਿਸਾਨ ਨੇ ਨਹੀ ਰੋਕਣਗੇ ਰੇਲਾਂ (ETV Bharat (ਪੱਤਰਕਾਰ, ਅੰਮ੍ਰਿਤਸਰ)) ਮੰਗਾਂ ਪ੍ਰਸ਼ਾਸਨ ਵੱਲੋਂ ਮੰਨ ਲਈਆਂ
ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਤੇ ਹੋਰ ਆਗੂਆਂ ਦੀ ਮੀਟਿੰਗ ਚੱਲੀ ਅਤੇ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਹੀ ਮੰਗਾਂ ਮੰਨ ਲਈਆਂ ਗਈਆਂ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਿਨਾਂ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹ ਮੰਗਾਂ ਹੁਣ ਪ੍ਰਸ਼ਾਸਨ ਵੱਲੋਂ ਮੰਨ ਲਈਆਂ ਗਈਆਂ ਹਨ।
ਧਰਨਾ ਪ੍ਰਦਰਸ਼ਨ ਖ਼ਤਮ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਵੱਡੀ ਮੰਗ ਸੀ ਕਿ ਜੋ ਕਿਸਾਨ ਜਖ਼ਮੀ ਹੋਏ ਹਨ ਅਤੇ ਜਿਨਾਂ ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪ੍ਰਸ਼ਾਸਨ ਨੇ ਮੁਆਵਜੇ ਦੀ ਮੰਗ ਮੰਨ ਲਈ ਹੈ। ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਦਿੱਲੀ ਜੰਮੂ ਕਟਰਾਂ ਨੈਸ਼ਨਲ ਹਾਈਵੇ ਤਹਿਤ ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਕੁਆਰ ਕੀਤੀਆਂ ਜਾ ਰਹੀਆਂ ਸੀ ਉਹ ਵੀ ਮੰਗ ਅਸੀਂ ਪ੍ਰਸ਼ਾਸਨ ਤੋਂ ਰੱਖੀ ਸੀ ਤੇ ਪ੍ਰਸ਼ਾਸਨ ਦਾ ਕਹਿਣਾ ਕਿ ਕਿਸੇ ਵੀ ਕਿਸਾਨ ਦੀ ਧੱਕੇ ਨਾਲ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਰਹੇ ਹਾਂ।
ਮਾਲੀ ਸਹਾਇਤਾ ਦੇ ਚੈੱਕ ਦਿੱਤੇ ਗਏ
ਦੂਜੇ ਪਾਸੇ ਇਸ ਮਾਮਲੇ ਤੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਜੋ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਸਰਕਾਰ ਵੱਲੋਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਜੋ ਕਿਸਾਨ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਸਨ, ਉਨ੍ਹਾਂ ਨੂੰ ਵੀ ਮਾਲੀ ਸਹਾਇਤਾ ਦੇ ਚੈੱਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਤਿੰਨ ਕਿਸਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡੀਏਪੀ ਦੀ ਜੋ ਛੋਟਜ਼ ਚੱਲ ਰਹੀ ਹੈ, ਉਸ ਨੂੰ ਲੈ ਕੇ ਵੀ ਦੁਕਾਨਦਾਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਦੁਕਾਨਾਂ ਦੇ ਵਿੱਚ ਜਿੰਨੀ ਵੀ ਡੀਏਪੀ ਹੈ, ਉਸ ਬਾਰੇ ਉਹ ਦੁਕਾਨਾਂ ਦੇ ਬਾਹਰ ਲਿਖਤੀ ਰੂਪ ਵਿੱਚ ਲਿਖਣਾ ਲਾਜ਼ਮੀ ਹੋਵੇਗਾ। ਅਗਰ ਕੋਈ ਦੁਕਾਨਦਾਰ ਅਜਿਹਾ ਨਹੀਂ ਕਰਦਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।