dharna for justice in Jaito ਫਰੀਦਕੋਟ: ਪਿਛਲੀ ਤਿੰਨ ਅਪ੍ਰੈਲ ਨੂੰ ਸ਼ਾਮ ਸਮੇਂ ਫਰੀਦਕੋਟ ਦੇ ਕਸਬਾ ਜੈਤੋ ਵਿਖੇ ਇੱਕ ਅਣਪਛਾਤੀ ਕਾਰ ਜੋ ਦਿੱਲੀ ਨੰਬਰ ਦੱਸੀ ਜਾ ਰਹੀ ਹੈ ਵੱਲੋਂ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ ਗਈ ਸੀ। ਜਿਸ ਤੋਂ ਬਾਅਦ ਕਾਰ ਸਵਾਰ ਗੱਡੀ ਭਜਾ ਕੇ ਲੈ ਗਿਆ ਸੀ। ਇਸ ਹਾਦਸੇ 'ਚ ਬਾਈਕ ਸਵਾਰ ਤਿੰਨ ਲੜਕਿਆਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਜਿੱਥੇ ਇੱਕ ਨੌਜਵਾਨ ਸ਼ਿਵਦੀਪ ਸਿੰਘ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦ ਕਿ ਦੋ ਨੌਜਵਾਨ ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ, ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਸੜਕ ਹਾਦਸੇ 'ਚ ਇੱਕ ਮੌਤ ਤੇ ਦੋ ਜ਼ਖਮੀ:ਉਥੇ ਹੀ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਅਣਪਛਾਤੀ ਕਾਰ ਦੀ ਪਹਿਚਾਣ ਨਾ ਕੀਤੇ ਜਾਣ ਅਤੇ ਮੁਲਜ਼ਮਾਂ ਨੂੰ ਨਾ ਤਲਾਸ਼ੇ ਜਾਣ ਦੇ ਰੋਸ ਵੱਜੋਂ ਪਰਿਵਾਰਕ ਮੈਬਰਾਂ ਵੱਲੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਜੈਤੋ ਦੇ ਬਾਜਾਖ਼ਾਨਾ ਰੋਡ 'ਤੇ ਨੌਜਵਾਨ ਦੀ ਲਾਸ਼ ਨੂੰ ਰੱਖ ਕੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸ਼ਿਵਦੀਪ ਸਿੰਘ ਜਿਸ ਦੀ ਉਮਰ ਕਰੀਬ 22 ਸਾਲ ਸੀ ਆਪਣੇ ਦੋ ਦੋਸਤਾਂ ਨਾਲ ਬਾਈਕ 'ਤੇ ਜਾ ਰਿਹਾ ਸੀ ਕਿ ਪਿੱਛੋਂ ਆਉਦੀ ਸਵਿਫਟ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਸ਼ਿਵਦੀਪ ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਦੀ ਮੌਤ ਹੋ ਗਈ ਜਦਕਿ ਬਾਕੀ ਦੋ ਗੰਭੀਰ ਰੂਪ 'ਚ ਜ਼ਖਮੀ ਹਨ। ਜਿਨ੍ਹਾਂ ਦਾ ਇਲਾਜ਼ ਬਠਿੰਡਾ ਦੇ ਹਸਪਤਾਲ ਚ ਚੱਲ ਰਿਹਾ ਹੈ।
'ਆਪ' ਵਿਧਾਇਕ 'ਤੇ ਧਮਕੀਆਂ ਦੇ ਦੋਸ਼: ਉਨ੍ਹਾਂ ਕਿਹਾ ਕਿ ਜਿਥੋਂ ਤੱਕ ਜਾਣਕਾਰੀ ਮਿਲੀ ਹੈ ਇਹ ਕਾਰ ਕਿਸੇ ਪੁਲਿਸ ਅਧਿਕਾਰੀ ਦੀ ਜਾਂ ਵਿਧਾਇਕ ਦੇ ਗੰਨਮੈਨ ਦੀ ਦੱਸੀ ਜਾ ਰਹੀ ਹੈ। ਜਿਸ ਨੂੰ ਬਚਾਉਣ ਲਈ ਪੁਲਿਸ ਲੱਗੀ ਹੋਈ ਹੈ, ਜਿਸ ਲਈ ਉਹ ਸਹੀ ਮੁਲਜ਼ਮ ਤੱਕ ਨਹੀਂ ਪੁਹੰਚ ਰਹੀ। ਉਧਰ ਕਿਸਾਨ ਜਥੇਬੰਦੀ ਅਤੇ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਏ ਕੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸਦੇ ਚੱਲਦੇ ਉਹ ਧਮਕੀਆਂ ਵੀ ਦੇ ਰਹੇ ਹਨ ਕਿ ਉਹ ਉਨ੍ਹਾਂ 'ਤੇ ਪਰਚੇ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਭਾਲ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ,ਉਦੋਂ ਤੱਕ ਉਹ ਲਾਸ਼ ਦਾ ਅੰਤਿਮ ਸਸਕਾਰ ਨਹੀਂ ਕਰਨਗੇ।
ਪਰਿਵਾਰ ਨੂੰ ਗੁੰਮਰਾਹ ਕਰ ਰਹੇ ਸ਼ਰਾਰਤੀ ਅਨਸਰ-MLA:ਉਧਰ ਜਦੋਂ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨਾਲ ਫੋਨ 'ਤੇ ਗਲਬਾਤ ਕੀਤੀ ਤਾਂ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਸ ਦਰਦਨਾਕ ਹਾਦਸੇ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਅਤੇ ਉਹ ਖੁਦ ਪੀੜਤ ਪਰਿਵਾਰ ਨਾਲ ਮਿਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਜਾਣਬੁਝ ਕੇ ਪਰਿਵਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖੁਦ ਐੱਸਐੱਸਪੀ ਨਾਲ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਨੇ ਚਾਰ ਟੀਮਾਂ ਦਾ ਗਠਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਜਲਦ ਹੀ ਕਿਸੇ ਨਤੀਜੇ 'ਤੇ ਪੁਹੰਚ ਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।