ਤਰਨਤਾਰਨ :ਜ਼ਿਲ੍ਹੇ ਸ਼ਹਿਰ ਦੇ ਮੁਰਾਦਪੁਰਾ ਇਲਾਕੇ 'ਚ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਰਵਾਨਾ ਹੋਈ ਪੁਲਿਸ ਪਾਰਟੀ 'ਤੇ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਏਐਸਆਈ ਬਲਦੇਵ ਸਿੰਘ ਜ਼ਖਮੀ ਹੋ ਗਿਆ। ਹਾਲਾਂਕਿ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਜੱਗਾ ਨਾਮਕ ਗੈਂਗਸਟਰ ਵੀ ਜ਼ਖ਼ਮੀ ਹੋਇਆ ਹੈ, ਜਿਸ ਦੀ ਲੱਤ ਵਿੱਚ ਗੋਲੀ ਵੱਜੀ ਹੈ।
ਤਰਨਤਾਰਨ ਵਿੱਚ ਐਨਕਾਊਂਟਰ, ਏਐਸਆਈ ਬਲਬੀਰ ਸਿੰਘ ਜ਼ਖ਼ਮੀ (ETV Bharat) 5 ਰਾਊਂਡ ਗੋਲੀਆਂ ਚਲਾਈਆਂ ਗਈਆਂ
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਿਟੀ ਦੇ ਇੰਚਾਰਜ ਹਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਰਾਦਪੁਰ ਇਲਾਕੇ ਨਾਲ ਸਬੰਧਤ 2 ਗੈਂਗਸਟਰ ਜੱਗਾ ਅਤੇ ਲਾਲਾ ਕਿਸੇ ਅਪਰਾਧਕ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਜਿਸ ਉੱਤੇ ਤੁਰੰਤ ਕਾਰਵਾਈ ਕਰਨ ਲਈ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ, ਇਸੇ ਦੌਰਾਨ ਜਦੋਂ ਇਹ ਗੈਂਗਸਟਰ ਨਾਕੇ ਉੱਤੇ ਆਏ ਤਾਂ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਗੈਂਗਸਟਰਾਂ ਨੇ ਅਨਾਜ ਮੰਡੀ ਨੇੜੇ ਜਾ ਕੇ ਪੁਲਿਸ 'ਤੇ ਕਰੀਬ 8 ਤੋਂ 10 ਰਾਊਂਡ ਗੋਲੀਆਂ ਚਲਾ ਦਿੱਤੀਆਂ, ਇੱਕ ਗੋਲੀ ਏਐਸਆਈ ਬਲਦੇਵ ਸਿੰਘ ਦੇ ਹੱਥ ਵਿੱਚ ਲੱਗ ਗਈ। ਪੁਲਿਸ ਨੇ ਵੀ ਜਵਾਈ ਕਾਰਵਾਈ ਕਰਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਈ ਕਾਰਵਾਈ ਦੌਰਾਨ ਗੈਂਗਸਟਰ ਜੱਗੇ ਦੀ ਲੱਤ 'ਚ ਗੋਲੀ ਵੱਜ ਗਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਹਨੇਰੇ ਦਾ ਫਾਇਦਾ ਚੁੱਕਕੇ ਭੱਜਿਆ ਇੱਕ ਬਦਮਾਸ਼
ਐੱਸਪੀ ਅਭਿਮਨਿਊ ਰਾਣਾ, ਡੀਐਸਪੀ ਰਾਜਿੰਦਰ ਸਿੰਘ ਮਿਨਹਾਸ, ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ, ਪਰ ਜੱਗੇ ਦਾ ਸਾਥੀ ਲਾਲਾ ਹਨੇਰੇ ਦਾ ਫਾਇਦਾ ਚੁੱਕ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਜੱਗਾ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੈ। ਪੁਲਿਸ ਪਾਰਟੀ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਪਰਚਾ ਦਰਜ ਕੀਤਾ ਜਾ ਰਿਹਾ ਹੈ ਤੇ ਇਸਦੇ ਸਾਥੀ ਨੂੰ ਵੀ ਜਲਦ ਹੀ ਫੜ੍ਹ ਲਿਆ ਜਾਵੇਗਾ।