ਸ੍ਰੀ ਮੁਕਤਸਰ ਸਾਹਿਬ:ਪੰਜਾਬ ਪੁਲਿਸ ਵਲੋਂ ਗੈਂਗਸਟਰਾਂ 'ਤੇ ਨੱਥ ਪਾਉਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਕਈ ਗੈਂਗਸਟਰ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਵੀ ਕੀਤੇ ਹਨ। ਇਸ ਦੇ ਚੱਲਦੇ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਵਲੋਂ ਪਿੰਡ ਲੁਬਾਣਿਆਵਾਲੀ ਨਜ਼ਦੀਕ ਲਾਰੈਂਸ ਗੈਂਗ ਦੇ ਤਿੰਨ ਗੁਰਗਿਆਂ ਨੂੰ ਮੁਕਾਬਲੇ ਦੌਰਾਨ ਕੀਤਾ ਹੈ।
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ (Etv Bharat) ਠੇਕੇਦਾਰ ਤੋਂ ਮੰਗੀ ਸੀ ਇੱਕ ਕਰੋੜ ਦੀ ਫਿਰੌਤੀ
ਇਸ ਮੁਕਾਬਲੇ ਦੌਰਾਨ ਇੱਕ ਮੁਲਜ਼ਮ ਦੀ ਲੱਤ 'ਚ ਗੋਲੀ ਵੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨ੍ਹਾਂ ਮੁਲਜ਼ਮਾਂ ਵਲੋਂ ਖੁਦ ਨੂੰ ਲਾਰੈਂਸ ਗੈਂਗ ਦੇ ਮੈਂਬਰ ਦੱਸਦਿਆਂ ਠੇਕੇਦਾਰ ਤੋਂ ਇੱਕ ਕਰੋੜ ਦੀ ਫਿਰੌਤੀ ਮੰਗੀ ਗਈ ਸੀ। ਜਿਸ 'ਚ ਪੁਲਿਸ ਵਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਟ੍ਰੈਪ ਲਗਾ ਕੇ ਦੇਰ ਰਾਤ ਵਰ੍ਹਦੇ ਮੀਂਹ 'ਚ ਇੰਨ੍ਹਾਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਪੁਲਿਸ ਨੇ ਟ੍ਰੈਪ ਲਗਾ ਕੇ ਕੀਤੇ ਕਾਬੂ
ਇਸ ਸਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਰੁਪਾਣਾ ਸਥਿਤ ਮਿੱਲ ਦੇ ਠੇਕੇਦਾਰ ਤੋਂ ਫੋਨ ਰਾਹੀ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਮੰਗਣ ਵਾਲਿਆਂ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਦੱਸਿਆ ਸੀ। ਇਸ ਸਬੰਧੀ ਠੇਕੇਦਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਸ਼ਿਕਾਇਤਕਰਤਾ ਨਾਲ ਗੱਲਬਾਤ ਉਪਰੰਤ ਸਾਰਾ ਟ੍ਰੈਪ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਲਈ ਬਣਾਈ। ਜਿਸ 'ਚ ਫਿਰੌਤੀ ਮੰਗਣ ਵਾਲਿਆਂ ਨਾਲ 15 ਲੱਖ ਰੁਪਏ 'ਚ ਸੌਦਾ ਤਹਿ ਹੋਇਆ ਸੀ।
ਬਦਮਾਸ਼ਾਂ ਨੇ ਚਲਾਈ ਪੁਲਿਸ 'ਤੇ ਗੋਲੀ
ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲਿਆਂ ਨੇ ਅੱਜ ਪੀੜਤ ਤੋਂ ਪੈਸੇ ਲੈਣ ਲਈ ਉਸ ਨੂੰ ਪਿੰਡ ਲੁਬਾਣਿਆਵਾਲੀ ਕੋਲ ਬੁਲਾਇਆ ਸੀ ਤਾਂ ਪਹਿਲਾ ਤੋਂ ਲਗਾਏ ਟ੍ਰੈਪ ਅਨੁਸਾਰ ਪੀੜਤ ਦੇ ਕਰਿੰਦੇ ਨਾਲ ਪੁਲਿਸ ਪਾਰਟੀ ਪਹੁੰਚੀ। ਉਨ੍ਹਾਂ ਦੱਸਿਆ ਕਿ ਪੈਸੇ ਲੈਣ ਲਈ ਇਹ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਏ। ਉਨ੍ਹਾਂ ਦੱਸਿਆ ਕਿ ਜਦੋਂ ਪੈਸੇ ਫੜਨ ਉਪਰੰਤ ਇਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਨੇ ਇਹਨਾਂ ਨੂੰ ਘੇਰ ਲਿਆ ਹੈ ਤਾਂ ਇਹਨਾਂ 'ਚੋਂ ਇਕ ਨੇ ਪੁਲਿਸ ਵੱਲ ਗੋਲੀ ਚਲਾਈ, ਜਿਸ ਦੀ ਜਵਾਬੀ ਕਾਰਵਾਈ 'ਚ ਪੁਲਿਸ ਪਾਰਟੀ ਨੇ ਵੀ ਗੋਲੀ ਚਲਾਈ।
ਜਵਾਬੀ ਕਾਰਵਾਈ 'ਚ 1 ਮੁਲਜ਼ਮ ਜ਼ਖਮੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਚਲਾਈ ਗੋਲੀ ਮੁਲਜ਼ਮਾਂ ਦੇ ਇਕ ਸਾਥੀ ਸੁਖਮੰਦਰ ਸਿੰਘ ਨੂੰ ਲੱਗੀ ਤੇ ਉਹ ਹੇਠਾ ਡਿੱਗ ਪਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੁਖਮੰਦਰ ਸਿੰਘ ਦੇ ਬਾਕੀ ਦੋ ਸਾਥੀਆਂ ਲਖਵੀਰ ਸਿੰਘ ਅਤੇ ਸਰਵਨ ਸਿੰਘ ਨੂੰ ਵੀ ਮੌਕੇ 'ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।