ਬਠਿੰਡਾ :ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਹੋਈ ਬਹਿਸ ਦੀ ਵਾਇਰਲ ਵੀਡੀਓ ਤੋਂ ਬਾਅਦ ਲਗਾਤਾਰ ਵਿਵਾਦਾਂ 'ਚ ਘਿਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਹਨ। ਦਰਅਸਲ ਅੱਜ ਉਹਨਾਂ ਨੂੰ ਮਿਲਣ ਲਈ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ। ਉਹਨਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਉਹਨਾਂ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਗਈ। ਉਹਨਾਂ ਦੀ ਮੁਲਾਕਾਤ ਲੱਗਭਗ ਇੱਕ ਘੰਟਾ ਜਥੇਦਾਰ ਹਰਪ੍ਰੀਤ ਸਿੰਘ ਦੀ ਰਿਹਾਇਸ਼ ’ਤੇ ਹੋਈ ਅਤੇ ਇਸ ਤੋਂ ਬਾਅਦ ਉਹ ਵਾਪਸ ਰਵਾਨਾ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਇਸ ਮੌਕੇ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਪਹੁੰਚੇ ਸਨ।
ਮੁਲਾਕਾਤ ਨੇ ਛੇੜੀਆਂ ਚਰਚਾਵਾਂ
ਉਥੇ ਹੀ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਇਸ ਫ਼ੇਰੀ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਸ਼੍ਰੋਮਣੀ ਕਮੇਟੀ ਦੀ ਅਗਲੀ ਮੀਟਿੰਗ 30 ਦਸੰਬਰ ਨੂੰ ਸੱਦੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਰਾਧਾ ਸੁਆਮੀ ਮੁਖ਼ੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਸੇ ਜਥੇਦਾਰ ਦੇ ਘਰ ਵਿਸ਼ੇਸ਼ ਤੌਰ ’ਤੇ ਪੁੱਜੇ ਹੋਣ। ਖੈਰ ਮੀਡੀਆ ਤੋਂ ਦੂਰੀ ਅਤੇ ਨਿੱਜੀ ਮੁਲਾਕਾਤ ਪਿਛੇ ਦੀ ਅਸਲ ਵਜ੍ਹਾ ਕੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।