ਬਠਿੰਡਾ:2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਹੋਏ ਬੰਬ ਬਲਾਸਟ ਮਾਮਲੇ ਵਿੱਚ ਤਲਵੰਡੀ ਸਾਬੋ ਅਦਾਲਤ ਨੇ ਭਾਜਪਾ ਆਗੂ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਿਮੰਦਰ ਸਿੰਘ ਜੱਸੀ ਨੂੰ ਸੰਮਨ ਭੇਜੇ ਹਨ। 31 ਜਨਵਰੀ 2017 ਨੂੰ ਵਾਪਰੇ ਇਸ ਬੰਬ ਕਾਂਡ ਵਿੱਚ ਸੱਤ ਲੋਕਾਂ ਦੀ ਮੌਤ ਹੋਈ ਸੀ, ਜਿਸ ਦੀ ਸੁਣਵਾਈ ਤਲਵੰਡੀ ਸਾਬੋ ਅਦਾਲਤ ਦੀ ਟਰਾਇਲ ਕੋਰਟ ਵਿੱਚ ਚੱਲ ਰਹੀ ਹੈ।
8 ਸਾਲ ਪੁਰਾਣਾ ਮਾਮਲਾ
ਇਸੇ ਸੁਣਵਾਈ ਦੇ ਚਲਦੇ ਤਲਵੰਡੀ ਸਾਹਿਬ ਅਦਾਲਤ ਵੱਲੋਂ ਅੱਠ ਸਾਲ ਪਹਿਲਾਂ ਵਾਪਰੇ ਮੌੜ ਮੰਡੀ ਬੰਬ ਬਲਾਸਟ ਮਾਮਲੇ ਵਿੱਚ ਹਰਿਮੰਦਰ ਸਿੰਘ ਜੱਸੀ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਿਮੰਦਰ ਸਿੰਘ ਜੱਸੀ ਵੱਲੋਂ ਕਾਂਗਰਸ ਦੀ ਟਿਕਟ 'ਤੇ ਮੌੜ ਮੰਡੀ ਤੋਂ ਚੋਣ ਲੜੀ ਜਾ ਰਹੀ ਸੀ ਅਤੇ ਇੱਕ ਚੋਣ ਰੈਲੀ ਦੌਰਾਨ ਮੌੜ ਮੰਡੀ ਵਿਖੇ ਬੰਬ ਬਲਾਸਟ ਹੋਇਆ ਸੀ। ਜਿਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੋ ਦਰਜਨ ਤੋਂ ਵੱਧ ਲੋਕ ਜਖਮੀ ਹੋ ਗਏ ਸਨ, ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸਨ।
ਹਰਿਮੰਦਰ ਸਿੰਘ ਜੱਸੀ ਨੂੰ ਅਦਾਲਤ ਨੇ ਭੇਜੇ ਸੰਮਨ (ETV BHARAT) ਇਥੇ ਦੱਸਣਯੋਗ ਹੈ ਕਿ ਹਰਿਮੰਦਰ ਸਿੰਘ ਜੱਸੀ ਵੱਲੋਂ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ਦਾ ਪੱਲਾ ਫੜਿਆ ਗਿਆ ਹੈ ਹਰਿਮੰਦਰ ਸਿੰਘ ਜੱਸੀ ਦੀ ਬੇਟੀ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੇ ਬੇਟੇ ਨਾਲ ਵਿਆਹੀ ਹੋਈ ਹੈ। ਮੌੜ ਮੰਡੀ ਬਲਾਸਟ ਮਾਮਲੇ ਵਿੱਚ ਜਦੋਂ ਐਸਆਈਟੀ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤਾਂ ਇਸ ਦੀ ਪੈੜ ਡੇਰਾ ਸੱਚਾ ਸੌਦਾ ਦੇ ਸਿਰਸਾ ਹੈਡ ਕੁਆਰਟਰ ਵਿੱਚ ਪਹੁੰਚੀ ਅਤੇ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਬੰਬ ਬਲਾਸਟ ਲਈ ਤਿਆਰ ਕੀਤੀ ਗਈ ਕਾਰ ਡੇਰੇ ਦੀ ਵਰਕਸ਼ਾਪ ਦੀ ਸੀ। ਇਸ ਮਾਮਲੇ ਵਿੱਚ ਹਾਲੇ ਤੱਕ ਪੁਲਿਸ ਵੱਲੋਂ ਗੁਰਤੇਜ ਸਿੰਘ ਅਵਤਾਰ ਸਿੰਘ ਅਤੇ ਅਮਰੀਕ ਸਿੰਘ ਨੂੰ ਗ੍ਰਫਤਾਰ ਕਰਨਾ ਬਾਕੀ ਹੈ। ਭਾਵੇਂ ਇਸ ਮਾਮਲੇ ਵਿੱਚ ਦੋ ਵਾਰ ਐਸਆਈਟੀ ਦਾ ਗਠਨ ਹੋ ਚੁੱਕਿਆ ਹੈ ਪਰ ਹਾਲੇ ਤੱਕ ਵੀ ਮੌੜ ਮੰਡੀ ਬੰਬ ਬਲਾਸਟ 'ਤੇ ਅਸਲ ਮੁਲਜ਼ਮ ਪੁਲਿਸ ਦੀ ਗਿਰਫਤ ਤੋਂ ਬਾਹਰ ਹਨ।