ਬਠਿੰਡਾ:ਭਾਰਤ ਮਾਲਾ ਸੜਕ ਪ੍ਰੋਜੈਕਟ ਅਧੀਨ ਪ੍ਰਸ਼ਾਸਨ ਦੁਆਰਾ ਧੱਕੇ ਨਾਲ ਕਿਸਾਨਾਂ ਦੇ ਜ਼ਮੀਨਾਂ 'ਤੇ ਕਬਜ਼ਾ ਕਰਨ ਅਤੇ ਕਿਸਾਨਾਂ ਦੇ ਵਿਰੋਧ ਕਰਨ ਅਤੇ ਉਨ੍ਹਾਂ 'ਤੇ ਜ਼ਬਰਦਸਤ ਲਾਠੀਚਾਰਜ ਕਰਨ ਤੋਂ ਬਾਅਦ ਦੁੱਨੇਆਣਾ ਵਿਖੇ ਕੱਲ ਤੋਂ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਅੱਜ ਪਹਿਲੇ ਗੇੜ ਰਾਹੀਂ ਗੱਲਬਾਤ ਚਲਾਉਣ ਲਈ ਆਏ ਪ੍ਰਸ਼ਾਸਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਨੇ ਕਿਹਾ ਕਿ ਪਹਿਲਾਂ ਛਾਪੇਮਾਰੀ ਬੰਦ ਕਰੋ, ਗ੍ਰਿਫਤਾਰ ਕੀਤੇ ਕਿਸਾਨ ਰਿਹਾਅ ਕਰੋ।
ਜ਼ਿਲ੍ਹਾ ਪ੍ਰਸ਼ਾਸਨ ਤੇ ਕਿਸਾਨ ਆਗੂਆਂ ਵਿਚਕਾਰ ਬਣੀ ਸਹਿਮਤੀ (ETV Bharat (ਬਠਿੰਡਾ, ਪੱਤਰਕਾਰ)) ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੁਲਿਸ ਦੁਬਾਰਾ ਖੋਹਿਆ ਮੋਬਾਈਲ ਅਤੇ ਹੋਰ ਸਾਮਾਨ ਵਾਪਿਸ ਕਰੋ, ਜੋ ਪ੍ਰਸ਼ਾਸਨ ਵੱਲੋਂ ਪੂਰਾ ਕਰਨ ਤੋਂ ਬਾਅਦ ਲਗਭਗ ਸ਼ਾਮ ਤਿੰਨ ਵਜੇ ਦੂਜੇ ਗੇੜ ਦੀ ਮੀਟਿੰਗ ਸ਼ੁਰੂ ਹੋਈ। ਜਿਸ ਵਿੱਚ ਸਰਕਾਰ ਤਰਫੋਂ ਇਹ ਡੀਜੀਪੀ ਜਸਕਰਨ ਸਿੰਘ ਸਾਬਕਾ ਡੀ ਆਈ ਜੀ ਨਰਿੰਦਰ ਭਾਰਗਵ ਅਤੇ ਬਠਿੰਡਾ ਤੋਂ ਆਈ. ਜੀ. ਐਚ. ਐਸ ਭੁੱਲਰ, ਡੀਸੀ ਸੌਕਤ ਅਹਿਮਦ ਪਰੇ, ਐਸਐਸਪੀ ਅਮਨੀਤ ਕੌਂਡਲ ਅਤੇ ਕਿਸਾਨਾਂ ਤਰਫੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ ਸ਼ਾਮਿਲ ਸਨ।
ਪਿੰਡਾਂ ਵਿੱਚ ਸੜਕ ਨਿਰਮਾਣ ਦਾ ਕੰਮ ਬੰਦ
ਉੱਥੇ ਹੀ ਅੱਜ ਪ੍ਰਸ਼ਾਸਨ ਨਾਲ ਢਾਈ ਘੰਟੇ ਚੱਲੀ ਲੰਮੀ ਮੀਟਿੰਗਾਂ ਤੋਂ ਬਾਅਦ ਏਡੀਜੀਪੀ ਜਸਕਰਨ ਸਿੰਘ ਨੇ ਸਟੇਜ ਤੋਂ ਆ ਕੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਜੋ ਵੀ ਮੁਆਵਜੇ ਦੇ ਵਾਧੇ ਜਾਂ ਹੋਰ ਸਾਂਝੇ ਖਾਤਿਆਂ, ਖਾਲਾਂ, ਪਹੀਆਂ ਦੇ ਮਸਲੇ ਹਨ। ਕਿਸਾਨਾਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜ ਦਿਨ੍ਹਾਂ ਵਿੱਚ ਨਿਪਟਾ ਦਿੱਤੇ ਜਾਣਗੇ। ਉਨ੍ਹਾਂ ਚਿਰ ਇਨ੍ਹਾਂ ਪਿੰਡਾਂ ਵਿੱਚ ਸੜਕ ਨਿਰਮਾਣ ਦਾ ਕੰਮ ਬੰਦ ਰਹੇਗਾ। ਭਾਰਤੀ ਕਿਸਾਨ ਯੂਨੀਅਨ ਦਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਵਿਵਾਦਤ ਜ਼ਮੀਨ ਦੇ ਮਾਲਕਾਂ ਵੱਲੋਂ ਚੈੱਕ ਚੁੱਕਣ ਬਾਰੇ ਜਾਣਬੁੱਝ ਕੇ ਗਲਤ ਬਿਆਨਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਗੰਭੀਰ ਇਲਜ਼ਾਮ ਲਾਉਂਦਿਆਂ ਅਜਿਹੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਬੀਜੀ ਹੋਈ ਕਣਕ 'ਤੇ ਬਲਡੋਜਰ ਚਲਾਇਆ
ਕਿਸਾਨਾਂ ਨੇ ਦੱਸਿਆ ਕਿ ਪਿੰਡ ਦੁੱਨੇਆਣਾ ਦੇ ਅਜੇ ਤੱਕ 41 ਕਿਸਾਨਾਂ ਵੱਲੋਂ ਕੋਈ ਚੈੱਕ ਨਹੀਂ ਚੁੱਕਿਆ ਗਿਆ ਅਤੇ 109 ਕਿਸਾਨ ਅਜਿਹੇ ਹਨ। ਜਿੰਨ੍ਹਾਂ ਦੇ ਸਰਕਾਰ ਵੱਲੋਂ ਮਿੱਥੇ ਰੇਟ 'ਤੇ ਵੀ ਪੂਰਾ ਮੁਆਵਜਾ ਨਹੀਂ ਦਿੱਤਾ ਪਰ ਪੁਲਿਸ ਦੇ ਜੋਰ ਉਨ੍ਹਾਂ ਦੀ ਬੀਜੀ ਹੋਈ ਕਣਕ 'ਤੇ ਬਲਡੋਜਰ ਚਲਾ ਕੇ ਜਬਰੀ ਜ਼ਮੀਨ ਉੱਤੇ ਕਬਜਾ ਕਰ ਲਿਆ। ਜਦੋਂ ਕਿ ਸ਼ੇਰਗੜ੍ਹ, ਦੁੱਨੇਆਣਾ ਤੇ ਭੁੱਖਿਆਂ ਵਾਲੀ ਦੇ ਕਿਸਾਨਾਂ ਨੂੰ 54 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਰਾਹੀਂ ਨੰਗੀ ਚਿੱਟੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਖੁਦ ਮੁਆਵਜ਼ੇ 'ਚ ਕਾਣੀ ਵੰਡ ਕਰਨ ਸਦਕਾ ਹੀ ਉਹ ਆਪਣੀ ਧੱਕੇਸ਼ਾਹੀ ਨੂੰ ਛੁਪਾਉਣ ਲਈ ਝੂਠੇ ਬਿਆਨ ਦਾਗ ਰਹੇ ਹਨ। ਇਸੇ ਤਰ੍ਹਾਂ ਹੀ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਬਾਹਰਲੇ ਕਿਸਾਨਾਂ ਵੱਲੋਂ ਆ ਕੇ ਸੰਘਰਸ਼ ਦੇ ਬਿਆਨ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ 21 ਨਵੰਬਰ ਨੂੰ ਸਿਰਫ ਇਨ੍ਹਾਂ ਪਿੰਡਾਂ ਦੇ ਸਬੰਧਿਤ ਪੀੜਿਤ ਕਿਸਾਨ ਨੇ ਹੀ ਸੰਘਰਸ਼ ਕੀਤਾ ਸੀ। ਜਿੰਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਧੱਕੇ ਦੇ ਜੋਰ ਦਬਾਅ ਕੇ ਉਨ੍ਹਾਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਕੀਤਾ ਸੀ।
ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਵਾਈ ਕਰ ਰਹੇ ਅਧਿਕਾਰੀ ਜਸਕਰਨ ਸਿੰਘ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਿੰਨਾ ਸਮਾਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਓਨਾਂ ਸਮਾਂ ਸੜਕ ਨਿਰਮਾਣ ਦਾ ਕੰਮ ਨਹੀਂ ਚਲਾਇਆ ਜਾਵੇਗਾਾ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਨੂੰ ਸਮਾਪਤ ਕੀਤਾ ਗਿਆ।