ਲੁਧਿਆਣਾ:ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2025 ਨੂੰ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕਰਨ ਜਾ ਰਹੇ ਹਨ। ਲੁਧਿਆਣਾ ਪਹੁੰਚੇ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰੀ ਬਜਟ ਆਮ ਲੋਕਾਂ ਨੂੰ ਰਾਹਤ ਦੇਣ ਵਾਲਾ ਹੋਣਾ ਚਾਹੀਦਾ ਹੈ। ਐੱਮਐੱਸਐੱਮਈ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ, ਇਸ ਲਈ ਪੰਜਾਬ ਦੇ ਕਾਰੋਬਾਰੀਆਂ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਇਸ ਕਰਕੇ ਵਿਸ਼ੇਸ਼ ਪੈਕੇਜ ਜ਼ਰੂਰ ਦੇਣਾ ਚਾਹੀਦਾ ਹੈ। ਤਿਵਾੜੀ ਨੇ ਕਿਹਾ ਕਿ ਜੀਐੱਸਟੀ ਨੂੰ ਹੋਰ ਸੁਖਾਲਾ ਕਰਨ ਦੀ ਲੋੜ ਹੈ, ਭਾਜਪਾ ਸਰਕਾਰ ਇਸ ਨੂੰ ਸੌਖੇ ਢੰਗ ਦੇ ਨਾਲ ਲਾਗੂ ਕਰਨ ਵਿੱਚ ਨਕਾਮ ਰਹੀ ਹੈ।
ਮਨੀਸ਼ ਤਿਵਾੜੀ (Etv Bharat) ‘ਚਾਈਨਾ ਦੇ ਸਮਾਨ ਉੱਤੇ ਲੱਗੇ ਲਗਾਮ’
ਮਨੀਸ਼ ਤਿਵਾੜੀ ਨੇ ਇਸ ਮੌਕੇ ਲਗਾਤਾਰ ਭਾਰਤ ਦੇ ਵਿੱਚ ਚਾਈਨਾ ਤੋਂ ਹੋ ਰਹੀ ਇੰਪੋਰਟ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਪੰਜਾਬ ਦੀ ਐੱਮਐੱਸਐੱਮਈ ਖਾਸ ਕਰਕੇ ਲੁਧਿਆਣਾ ਦੀ ਇੰਡਸਟਰੀ ਨੂੰ ਲੈ ਕੇ ਕੋਈ ਨਾ ਕੋਈ ਬਜਟ ਦੇ ਵਿੱਚ ਨੀਤੀਆਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹਰ ਵਰਗ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਚਾਈਨਾ ਤੋਂ ਇੰਨਾ ਸਸਤਾ ਸਮਾਨ ਆ ਰਿਹਾ ਹੈ ਜਿਸ ਨਾਲ ਸਾਡੀ ਘਰੇਲੂ ਅਤੇ ਪੂਰੇ ਦੇਸ਼ ਦੀ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਇਸ ਉੱਤੇ ਲਗਾਮ ਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨ ਹੋਣ, ਭਾਵੇਂ ਕਾਰੋਬਾਰੀ ਹੋਣ ਅਤੇ ਭਾਵੇਂ ਨੌਕਰੀ ਪੇਸ਼ਾ ਵਰਗ ਹੋਵੇ ਬਜਟ ਤੋਂ ਹਰ ਕਿਸੇ ਨੂੰ ਰਾਹਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੈਕਸ ਨੂੰ ਲੈ ਕੇ ਵੀ ਜੋ ਗੁੰਝਲਦਾਰ ਸਲੈਬਾਂ ਹਨ, ਉਨ੍ਹਾਂ ਨੂੰ ਸੌਖਾ ਕਰਨਾ ਚਾਹੀਦਾ ਹੈ। ਜੀਐਸਟੀ ਨੂੰ ਤਾਂ ਮਾਹਿਰ ਵੀ ਹੁਣ ਤੱਕ ਨਹੀਂ ਸਮਝ ਸਕੇ।
1 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
ਦੇਸ਼ ਦਾ ਆਮ ਬਜਟ ਅਗਲੇ ਮਹੀਨੇ 1 ਫਰਵਰੀ 2025 ਨੂੰ ਪੇਸ਼ ਕੀਤਾ ਜਾਵੇਗਾ। ਭਾਰਤੀ ਟੈਕਸਦਾਤਾ, ਖਾਸ ਕਰਕੇ ਮੱਧ ਵਰਗ ਅਤੇ ਕਾਰਪੋਰੇਟ ਸੈਕਟਰ, ਟੈਕਸ ਸੁਧਾਰਾਂ ਦੀ ਮੰਗ ਕਰ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ 1 ਫਰਵਰੀ, 2025 ਨੂੰ ਅੱਠਵੇਂ ਬਜਟ ਭਾਸ਼ਣ ਵਿੱਚ ਸੰਸ਼ੋਧਿਤ ਇਨਕਮ ਟੈਕਸ ਸਲੈਬਾਂ, ਘੱਟ ਜੀਐਸਟੀ ਦਰਾਂ ਨਾਲ ਸਬੰਧਤ ਐਲਾਨ ਕੀਤੇ ਜਾਣ ਦੀ ਉਮੀਦ ਹੈ।