ਰੂਪਨਗਰ/ਨੰਗਲ:ਅੱਜ ਮਰਹੂਮ ਵਿਕਾਸ ਬੱਗਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕਮਰਪਾਲ ਸਿੰਘ ਨੇ ਜਿੱਥੇ ਵਿਕਾਸ ਬੱਗਾ ਦੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਉਹਨਾਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੇਸ ਨੂੰ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐਨਆਈਏ) ਜਾਂ ਸੀਬੀਆਈ ਨੂੰ ਸੌਂਪਿਆ ਜਾਵੇ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਕੇਸ ਦੇ ਤਾਰ ਪੁਰਤਗਾਲ ਵਿੱਚ ਬੈਠੇ ਲੋਕਾਂ ਦੇ ਨਾਲ ਜੁੜੇ ਹਨ। ਇਸ ਤੋਂ ਇੱਕ ਗੱਲ ਸਾਫ ਹੈ ਕਿ ਇੰਟਰਨੈਸ਼ਨਲ ਟੈਰਰ ਨਾਲ ਨਿਪਟਣ ਅਤੇ ਇਸ ਕੇਸ ਨੂੰ ਹੱਲ ਕਰਨ ਲਈ ਪੰਜਾਬ ਪੁਲਿਸ ਇਕੱਲੇ ਤੌਰ ਉੱਤੇ ਸਮਰੱਥ ਨਹੀਂ ਹੈ। ਇਸ ਲਈ ਇਹ ਕੇਸ ਦੇਸ਼ ਦੀਆਂ ਵੱਡੀਆਂ ਇਨਵੈਸਟੀਗੇਟਿੰਗ ਏਜੰਸੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਕਾਨੂੰਨੀ ਸਥਿਤੀ ਵੱਲ ਧਿਆਨ ਦੇਣ ਦੀ ਲੋੜ: ਰਾਣਾ ਕੇਪੀ ਸਿੰਘ ਨੇ ਸੂਬਾ ਸਰਕਾਰ ਨੂੰ ਲਾਐਂਡ ਆਰਡਰ ਦ ਸਥਿਤੀ ਵੱਲ ਧਿਆਨ ਦੇਣ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਜਦੋਂ ਵੀ ਸੂਬਿਆਂ ਅੰਦਰ ਗੈਰ ਕਾਂਗਰਸੀ ਸਰਕਾਰਾਂ ਰਹੀਆਂ ਨੇ ਉਦੋਂ ਡਰ ਅਤੇ ਸਹਿਮ ਫੈਲਾਉਣ ਵਾਲੀਆਂ ਤਾਕਤਾਂ ਨੇ ਸਿਰ ਚੁੱਕਿਆ ਹੈ। ਉਹਨਾਂ ਅਪੀਲ ਕੀਤੀ ਕਿ ਜਲਦ ਸਰਕਾਰ ਇਸ ਮਸਲੇ ਵੱਲ ਧਿਆਨ ਦੇਵੇ ਤਾਂ ਜੋ ਲੋਕਾਂ ਅੰਦਰ ਵਿਸ਼ਵਾਸ ਪੈਦਾ ਹੋਵੇ ਅਤੇ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾ ਸਕੇ।
ਰਿਮਾਂਡ ਉੱਤੇ ਮੁਲਜ਼ਮ: ਵਿਸ਼ਵ ਹਿੰਦੂ ਪਰਿਸ਼ਦ ਨੰਗਲ ਬਲਾਕ ਦੇ ਪ੍ਰਧਾਨ ਵਿਕਾਸ ਬੱਗਾ ਦੀ ਮੌਤ ਨੂੰ ਲੈ ਕੇ ਜਿੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਸੀ ਉੱਥੇ ਹੀ ਕਾਤਲਾਂ ਨੂੰ ਫੜਨ ਦੇ ਲਈ ਲਗਾਤਾਰ ਲੋਕਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ ਹਾਲਾਂਕਿ ਪੁਲਿਸ ਨੇ ਤਿੰਨ ਦਿਨ ਦੇ ਅੰਦਰ ਹੀ ਕਾਤਲਾਂ ਨੂੰ ਦਬੋਚਿਆ ਅਤੇ ਅੱਜ ਭਾਰੀ ਸੁਰੱਖਿਆ ਬਲ ਦੇ ਨਾਲ ਵਿਕਾਸ ਬੱਗਾ ਦੇ ਕਾਤਲਾਂ ਨੂੰ ਨੰਗਲ ਪੁਲਿਸ ਵੱਲੋਂ ਜੁਡੀਸ਼ਅਲ ਕੋਰਟ ਕੰਪਲਸ ਵਿਖੇ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਪੁਲਿਸ ਨੂੰ ਛੇ ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਕਿ ਡੁੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ।