ਅੰਮ੍ਰਿਤਸਰ:ਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਅੰਦਰ ਵੱਡੀ ਹਲਚਲ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਣ ਤੋਂ ਬਾਅਦ ਹੁਣ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਕਿਸੇ ਸਿਆਸੀ ਪਾਰਟੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਿਲ ਹੋ ਜਾਣ ਨੂੰ ਲੈ ਕੇ ਅਫਵਾਹਾਂ ਦਾ ਬਜ਼ਾਰ ਗਰਮ ਹੈ।
ਰਵਨੀਤ ਬਿੱਟੂ ਦੇ ਫੈਸਲੇ ਉੱਤੇ ਜਤਾਇਆ ਦੁੱਖ: ਇਹਨਾਂ ਅਫਵਾਵਾਂ ਦੇ ਉੱਤੇ ਵਿਰਾਮ ਚਿੰਨ ਲਗਾਉਂਦੇ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ। ਜਿਸ ਵਿੱਚ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਦੇ ਨਾਲ ਹਮੇਸ਼ਾ ਜੁੜੇ ਰਹਿਣਗੇ। ਉਹਨਾਂ ਕਿਹਾ ਕਿ ਮੈਨੂੰ ਬੇਹੱਦ ਦੁੱਖ ਹੈ ਕਿ ਰਵਨੀਤ ਬਿੱਟੂ ਜੋ ਕਿ ਮੁੱਢ ਤੋਂ ਕਾਂਗਰਸੀ ਹਨ ਉਹਨਾਂ ਵੱਲੋਂ ਪਾਰਟੀ ਨੂੰ ਛੱਡਿਆ ਗਿਆ ਹੈ।
ਹਮੇਸ਼ਾ ਪਾਰਟੀ ਦੇ ਨਾਲ: ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਉਹਨਾਂ ਨੂੰ ਟਿਕਟ ਦੇਵੇ ਜਾਂ ਕਿਸੇ ਹੋਰ ਨੂੰ ਦੇਵੇ ਉਹ ਬਿਲਕੁਲ ਪਾਰਟੀ ਦੇ ਹੱਕ ਵਿੱਚ ਹਨ ਅਤੇ ਜੇਕਰ ਕਾਂਗਰਸ ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਨਹੀਂ ਵੀ ਦਿੰਦੀ ਤਾਂ ਪਾਰਟੀ ਜਿਸ ਨੂੰ ਵੀ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇਗੀ ਉਹ ਉਸਦਾ ਠੋਕ ਕੇ ਸਮਰਥਨ ਕਰਾਂਗੇ। ਇਸ ਦੇ ਨਾਲ ਹੀ ਕਾਂਗਰਸ ਦੇ ਉਸ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕਰਕੇ ਲੋਕ ਸਭਾ ਦੇ ਵਿੱਚ ਭੇਜਾਂਗੇ।
ਜ਼ਿਕਰਯੋਗ ਹੈ ਕੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਪਿਤਾ ਸਾਬਕਾ ਵਿਧਾਇਕ ਸੰਤ ਸਿੰਘ ਲਿੱਦੜ ਨੂੰ 1980 ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ 2002 ਤੋਂ ਲੈ ਕੇ 2007 ਤੱਕ ਵਿਧਾਨ ਸਭਾ ਹਲਕਾ ਬਿਆਸ ਤੋਂ ਮੈਂਬਰ ਪਾਰ ਜਸਬੀਰ ਸਿੰਘ ਡਿੰਪਾ ਵਿਧਾਇਕ ਰਹਿ ਚੁੱਕੇ ਹਨ ਅਤੇ ਉਸ ਤੋਂ ਬਾਅਦ ਵਿੱਚ ਹੁਣ 2019 ਦੇ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਨੇ ਵੱਡੇ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਪੰਥਕ ਸੀਟ ਕਹਿਲਾਉਣ ਵਾਲੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬਤੌਰ ਮੈਂਬਰ ਪਾਰਲੀਮੈਂਟ ਜਿੱਤ ਪ੍ਰਾਪਤ ਕੀਤੀ ਸੀ।।