ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਗਿਆ ਹੈ ਅਤੇ ਨਾਲ ਹੀ ਸ਼ੁਰੂ ਹੋ ਗਿਆ ਹੈ ਸਿਆਸੀ ਫੇਰਬਦਲ ਦਾ ਦੌਰ,ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਅੱਜ ਕਾਂਗਰਸੀ ਵਿਧਾਇਕ ਦੀ ਆਮ ਆਦਮੀ ਪਾਰਟੀ 'ਚ ਕੀਤੀ ਗਈ ਸ਼ਮੂਲੀਅਤ ਦੀ। ਦਰਅਸਲ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅੱਜ ਕਾਂਗਰਸ ਦਾ ਹੱਥ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੇ ਚੰਡੀਗੜ੍ਹ 'ਚ ਸੀਐੱਮ ਭਗਵੰਤ ਮਾਨ ਦੀ ਅਗਵਾਈ ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਇਸ ਦੇ ਨਾਲ ਹੀ ਚਰਚਾ ਵੀ ਛਿੜ ਗਈ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਫਤਿਹਗੜ੍ਹ ਤੋਂ ‘ਆਪ’ ਦੇ ਉਮੀਦਵਾਰ ਹੋ ਸਕਦੇ ਹਨ। ਜੀ.ਪੀ.ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ।
ਕਾਂਗਰਸ ਹਾਈ ਕਮਾਨ ਨੇ ਵੀ ਨਹੀਂ ਕੀਤੀ ਸੁਣਵਾਈ : ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੀ.ਪੀ ਨੇ ਕਿਹਾ ਕਿ ਕਾਂਗਰਸ ਵਿੱਚ ਅਨੁਸ਼ਾਸਨ ਨਹੀਂ ਹੈ। ਉਨ੍ਹਾਂ ਨੂੰ ਹਰਾਉਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਨੂੰ ਮੈਦਾਨ ਵਿੱਚ ਉਤਾਰਿਆ ਸੀ ਅਤੇ ਉਹਨਾਂ ਇਹ ਵੀ ਕਿਹਾ ਕਿ ਹਾਈਕਮਾਂਡ ਨੇ ਵੀ ਉਹਨਾਂ ਦੀ ਨਹੀਂ ਸੁਣੀ। ਉਹਨਾਂ ਕਿਹਾ ਕਿ ਜਦੋਂ ਉਹ ਹਰ ਰੋਜ਼ ਪਿੰਡਾਂ ਵਿੱਚ ਜਾਂਦੇ ਹਨ ਤਾਂ ਆਮ ਲੋਕ ਵੀ ਪੁੱਛਦੇ ਹਨ ਕਿ ਇਹ ਕਾਂਗਰਸੀ ਲੋਕ ਆਪਸ ਵਿੱਚ ਕਿਉਂ ਲੜਦੇ ਰਹਿੰਦੇ ਹਨ। ਜਿਸ ਦਾ ਜਿਵਾਬ ਉਹਨਾਂ ਕੋਲ ਵੀ ਨਹੀਂ ਹੁੰਦਾ ਸੀ। ਨਾਲ ਹੀ ਜੀਪੀ ਨੇ ਕਿਹਾ ਕਿ ਕਾਂਗਰਸ ਵਿੱਚ ਭਾਈ-ਭਤੀਜਾਵਾਦ ਹੈ। ਹਰ ਆਗੂ ਪੰਜਾਬ ਦੇ ਲੋਕਾਂ ਦੀ ਸੋਚਣ ਦੇ ਬਜਾਏ ਆਪਣੇ ਪਰਿਵਾਰ ਬਾਰੇ ਸੋਚਦਾ ਹੈ।