ਲੁਧਿਆਣਾ:ਹਲਕਾ ਪੂਰਬੀ ਦੇ ਵਿੱਚ ਬਣ ਕੇ ਤਿਆਰ ਹੋਇਆ ਕਮਿਊਨਿਟੀ ਹੈਲਥ ਸੈਂਟਰ ਦੇ ਉਦਘਾਟਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕ ਵਾਰ ਮੁੜ ਤੋਂ ਆਹਮਣੇ ਸਾਹਮਣੇ ਹੋ ਗਏ ਹਨ। ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਹਲਕੇ ਦੇ ਸਾਬਕਾ ਐਮਐਲਏ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਦੇ ਨਾਲ ਮੌਕੇ ਦਾ ਜਾਇਜ਼ਾ ਲਿਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਕਾਂਗਰਸ ਦੇ ਆਗੂਆਂ ਨੂੰ ਰੋਕ ਲਿਆ ਗਿਆ। ਰਵਨੀਤ ਬਿੱਟੂ ਨੂੰ ਘਰ ਵਿੱਚ ਹੀ ਹਾਊਸ ਅਰੈਸਟ ਕੀਤਾ ਗਿਆ ਹੈ।
ਮੌਕੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਫੋਰਸ ਲਗਾਈ ਹੈ ਕਿਉਂਕਿ ਅਗਾਮੀ ਚੋਣਾਂ ਹਨ ਜਦੋਂ ਕਿ ਲੁਧਿਆਣਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਪੂਰਬੀ ਵੀ ਤੋਂ ਸਾਬਕਾ ਐਮਐਲਏ ਸੰਜੇ ਤਲਵਾਰ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਕਮਿਊਨਿਟੀ ਸੈਂਟਰ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਜੀ ਦੇ ਨਾਂ ਉੱਤੇ ਦੋ ਏਕੜ ਦੇ ਵਿੱਚ ਪੰਜ ਕਰੋੜ ਰੁਪਏ ਦੀ ਲਾਗਤ ਦੇ ਨਾਲ ਚੰਡੀਗੜ੍ਹ ਰੋਡ ਉੱਤੇ ਸਥਿਤ ਡਿਵੀਜ਼ਨ ਨੰਬਰ ਸੱਤ ਦੇ ਨੇੜੇ ਕਮਿਊਨਿਟੀ ਸੈਂਟਰ ਬਣਿਆ ਹੈ, ਜਿੱਥੇ ਅੱਜ ਉਹਨਾਂ ਵੱਲੋਂ ਵਿਜਿਟ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਲਿਆ ਗਿਆ।