ਅੰਮ੍ਰਿਤਸਰ:ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਇਹ ਘੁਸਪੈਠੀਆ ਪਿੰਡ ਰਤਨ ਖੁਰਦ ਨੇੜੇ ਸਥਿਤ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਪਾਰ ਕਰਕੇ ਸਰਹੱਦੀ ਸੁਰੱਖਿਆ ਵਾੜ ਵੱਲ ਵਧ ਰਿਹਾ ਸੀ। ਅਜਿਹਾ ਕਰਕੇ ਬੀ.ਐਸ.ਐਫ ਦੇ ਜਵਾਨਾਂ ਨੇ ਅੱਤਵਾਦੀ ਸਿੰਡੀਕੇਟ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।
'ਰਾਤ ਨੂੰ ਸਿਪਾਹੀਆਂ ਨੇ ਵੇਖੀ ਸੀ ਹਰਕਤ'
16 ਸਤੰਬਰ ਦੀ ਰਾਤ ਨੂੰ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਇੱਕ ਘੁਸਪੈਠੀਏ ਦੀ ਸ਼ੱਕੀ ਗਤੀਵਿਧੀ ਦੇਖੀ। ਜੋ ਕਿ ਸਰਹੱਦੀ ਪਿੰਡ ਰਤਨ ਖੁਰਦ ਦੇ ਕੋਲ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਸਰਹੱਦੀ ਸੁਰੱਖਿਆ ਵਾੜ ਵੱਲ ਵਧ ਰਿਹਾ ਸੀ। ਇਸ ਦੌਰਾਨ ਸਰਹੱਦ 'ਤੇ ਚੌਕਸ ਜਵਾਨਾਂ ਨੇ ਘੁਸਪੈਠੀਏ ਨੂੰ ਚਣੌਤੀ ਦਿੱਤੀ ਪਰ ਉਹ ਨਹੀਂ ਰੁਕਿਆ ਅਤੇ ਸਰਹੱਦੀ ਸੁਰੱਖਿਆ ਵਾੜ ਵੱਲ ਵਧਦਾ ਰਿਹਾ। ਕਿਸੇ ਵੀ ਖਤਰੇ ਨੂੰ ਮਹਿਸੂਸ ਕਰਦੇ ਹੋਏ ਅਤੇ ਰਾਤ ਸਮੇਂ ਸਰਹੱਦ 'ਤੇ ਹਾਈ ਅਲਰਟ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਜਵਾਨਾਂ ਨੇ ਅੱਗੇ ਵਧ ਰਹੇ ਘੁਸਪੈਠੀਏ 'ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਮੌਕੇ 'ਤੇ ਹੀ ਮਾਰ ਦਿੱਤਾ।
ਇਸ ਤੋਂ ਪਹਿਲਾਂ ਤਰਨਤਾਰਨ ਬਾਰਡਰ 'ਤੇ ਮਾਰਿਆ ਸੀ ਘੁਸਪੈਠੀਆ
ਇਸ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਤਰਨਤਾਰਨ ਸਰਹੱਦ 'ਤੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਸੀ। ਉਹ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਸੀ। ਉਸ ਨੂੰ ਵਾਰ-ਵਾਰ ਵਾਪਸ ਜਾਣ ਲਈ ਕਿਹਾ ਗਿਆ ਪਰ ਜਦੋਂ ਉਹ ਵਾਪਸ ਨਹੀਂ ਗਿਆ ਤਾਂ ਇਹ ਕਦਮ ਬੀ.ਐਸ.ਐਫ. ਨੂੰ ਉਹ ਕਦਮ ਉਠਾਉਣਾ ਪਿਆ ਸੀ।