ਕਾਂਗਰਸ 'ਚ ਬਹੁਤ ਕਲੇਸ਼, ਬਣੇ ਧੜੇ, ਇਸੇ ਲਈ ਮੈਂ ... ਲੁਧਿਆਣਾ:ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਲਗਾਤਾਰ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ। ਉੱਥੇ ਹੀ, ਅੱਜ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਵਿੱਚ ਕਲੇਸ਼ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੰਦੇ ਅੱਗੇ ਆਉਣ ਅਤੇ ਦੂਜੇ ਪਾਸੇ ਰਾਜਾ ਵੜਿੰਗ ਚਾਹੁੰਦੇ ਹਨ ਕਿ ਉਨਾਂ ਦੇ ਕਰੀਬੀ ਚੋਣਾਂ ਵਿੱਚ ਖੜੇ ਹੋਣ। ਰਵਨੀਤ ਬਿੱਟੂ ਨੇ ਕਿਹਾ ਕਿ ਇਸੇ ਕਰਕੇ ਉਨ੍ਹਾਂ ਨੇ ਕਾਂਗਰਸ ਛੱਡੀ ਹੈ।
ਪਿਛਲੀਆਂ ਸਰਕਾਰਾਂ ਕਰਕੇ ਕਿਸਾਨਾਂ ਦੀ ਹਾਲਤ ਖਰਾਬ: ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਕਿਸਾਨਾਂ ਦੀ ਜੋ ਹਾਲਤ ਹੈ, ਉਸ ਦੀ ਜਿੰਮੇਵਾਰ ਪਿਛਲੀਆਂ ਸਰਕਾਰਾਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਕਰਕੇ ਪੂਰੇ ਦੇਸ਼ ਵਿੱਚ, ਜਿੱਥੇ-ਜਿੱਥੇ ਡਬਲ ਇੰਜਨ ਵਾਲੀ ਸਰਕਾਰ ਬਣੀ ਹੈ, ਉੱਥੇ ਕਿਸਾਨ ਖੁਸ਼ ਹਨ ਅਤੇ ਭਾਜਪਾ ਜੇਕਰ ਜਿੱਤਦੀ ਹੈ, ਤਾਂ ਉਹ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੜਕਾਂ ਉੱਤੇ ਧਰਨਿਆਂ 'ਤੇ ਬੈਠਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਧਰਨਾ ਚੱਲ ਰਿਹਾ ਸੀ, ਤਾਂ ਸਾਡੇ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਅਤੇ ਉਹ ਵੀ ਲਗਾਤਾਰ ਧਰਨੇ ਉੱਤੇ ਬੈਠੇ ਰਹੇ। ਬਿੱਟੂ ਨੇ ਕਿਹਾ ਕਿ ਮੇਰੇ 'ਤੇ ਵਿਸ਼ੇਸ਼ ਤੌਰ ਉੱਤੇ ਕੈਮਰਿਆਂ ਦੀ ਅੱਖ ਰਹਿੰਦੀ ਸੀ ਕਿ ਇਹ ਕਦੋਂ ਧਰਨੇ ਤੋਂ ਉੱਠਣਗੇ, ਪਰ ਉਹ ਧਰਨੇ ਉੱਤੇ ਡਟੇ ਰਹੇ।
ਪੰਜਾਬ ਦਾ ਭਲਾ ਕਰਨ ਲਈ ਭਾਜਪਾ 'ਚ ਆਇਆ: ਰਵਨੀਤ ਬਿੱਟੂ ਨੇ ਕਿਹਾ ਕਿ ਪਿੰਡਾਂ ਵਿੱਚ ਚੰਗਾ ਸਮਰਥਨ ਮਿਲ ਰਿਹਾ ਹੈ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹਾਲੇ ਤੱਕ ਲੁਧਿਆਣਾ ਤੋਂ ਕਦੇ ਵੀ ਭਾਜਪਾ ਦਾ ਉਮੀਦਵਾਰ ਇਕੱਲਿਆਂ ਖੜਾ ਹੋ ਕੇ ਜਿੱਤ ਨਹੀਂ ਸਕਿਆ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੇ ਖਾਤੇ ਵਿੱਚ ਇਹ ਸੀਟ ਆਉਂਦੀ ਸੀ ਅਤੇ ਅਕਾਲੀ ਦਲ ਨਾਲ ਗਠਜੋੜ ਹੋਣ ਕਰਕੇ ਭਾਜਪਾ ਦੇ ਉਮੀਦਵਾਰ ਵੀ ਜਿੱਤਦੇ ਸਨ, ਹਾਲਾਂਕਿ ਜਦੋਂ ਉਨ੍ਹਾਂ ਨੂੰ ਸਤਪਾਲ ਗੋਸਾਈ ਸੰਬੰਧੀ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਪੁਰਾਣੀ ਗੱਲ ਹੋ ਗਈ ਹੈ। ਪਰ, ਹੁਣ ਲੋਕ ਭਾਜਪਾ ਦੇ ਹੱਕ ਵਿੱਚੋਂ ਭਰੋਸਾ ਜਤਾ ਰਹੇ ਹਨ।
ਬਿੱਟੂ ਨੇ ਕਿਹਾ ਕਿ ਸਾਡੇ ਕਿਸਾਨਾਂ ਦੀ ਅੱਜ ਜੋ ਦਸ਼ਾ ਹੈ, ਉਨ੍ਹਾਂ ਦੇ ਹੱਲ ਕੱਢਣ ਲਈ ਭਾਜਪਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੈਂ ਭਾਜਪਾ ਦੇ ਵਿੱਚ ਆਇਆ ਹਾਂ, ਕਿਉਂਕਿ ਮੈਂ ਪਹਿਲਾਂ ਵੀ ਤਿੰਨ ਵਾਰ ਕਾਂਗਰਸ ਤੋਂ ਮੈਂਬਰ ਪਾਰਲੀਮੈਂਟ ਬਣ ਚੁੱਕਾ ਸੀ, ਮੈਂ ਮੁੜ ਤੋਂ ਬਣ ਜਾਂਦਾ ਤਾਂ ਕੀ ਹੁੰਦਾ, ਮੈਂ ਆਪਣੀ ਤਨਖਾਹ ਲੈ ਲੈਂਦਾ, ਪਰ ਪੰਜਾਬ ਦੇ ਲੋਕਾਂ ਦਾ ਲੁਧਿਆਣੇ ਦੇ ਲੋਕਾਂ ਦਾ ਭਲਾ ਕਿਵੇਂ ਹੁੰਦਾ ?
ਕੋਈ ਵੀ ਉਮੀਦਵਾਰ ਕਮਜ਼ੋਰ ਨਹੀਂ ਹੁੰਦਾ:ਇਸ ਦੌਰਾਨ ਜਦੋਂ ਰਵਨੀਤ ਬਿੱਟੂ ਨੂੰ ਸਵਾਲ ਕੀਤਾ ਗਿਆ ਕਿ ਲਗਾਤਾਰ ਵਿਰੋਧੀ ਪਾਰਟੀਆਂ ਇਹ ਮੁੱਦਾ ਚੁੱਕ ਰਹੀਆਂ ਹਨ ਕਿ ਭਾਜਪਾ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਜਾਣ ਬੁਝ ਕੇ ਲੁਧਿਆਣਾ ਅੰਦਰ ਕਮਜ਼ੋਰ ਉਮੀਦਵਾਰ ਖੜਾ ਕੀਤਾ ਹੈ, ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰ ਕੋਈ ਜਿੱਤਣ ਲਈ ਹੀ ਖੜਾ ਹੁੰਦਾ ਹੈ। ਬਿੱਟੂ ਨੇ ਕਿਹਾ ਕਿ ਕੋਈ ਵਿਰੋਧੀ ਪਾਰਟੀ ਇਹ ਤੈਅ ਨਹੀਂ ਕਰ ਸਕਦੀ ਕਿ ਕੋਈ ਉਮੀਦਵਾਰ ਕਮਜ਼ੋਰ ਹੈ ਜਾਂ ਕਿੰਨਾ ਮਜਬੂਤ ਹੈ ? ਉਨ੍ਹਾਂ ਕਿਹਾ ਕਿ ਅਸੀਂ ਮਜਬੂਤੀ ਨਾਲ ਚੋਣ ਲੜ ਰਹੇ ਹਾਂ ਅਤੇ ਲੋਕਾਂ ਦਾ ਸਮਰਥਨ ਸਾਨੂੰ ਮਿਲ ਰਿਹਾ ਹੈ।