ਡੇਰਾ ਬਿਆਸ ਮੁਖੀ ਨੂੰ ਮਿਲਣ ਪੁੱਜੇ ਭਾਜਪਾ ਉਮੀਦਵਾਰ ਮੰਨਾ (ETV BHARAT) ਅੰਮ੍ਰਿਤਸਰ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਅੱਜ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜੇ। ਜਿੱਥੇ ਉਹਨਾਂ ਵੱਲੋਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਕਾਫਿਲਾ ਸਵੇਰੇ ਕਰੀਬ 11 ਵਜੇ ਡੇਰਾ ਰਾਧਾ ਸਵਾਮੀ ਬਿਆਸ ਦੇ ਵਿੱਚ ਦਾਖਲ ਹੋਇਆ ਅਤੇ ਦੁਪਹਿਰ ਕਰੀਬ 12:40 'ਤੇ ਉਹਨਾਂ ਦਾ ਕਾਫਲਾ ਡੇਰਾ ਬਿਆਸ ਤੋਂ ਵਾਪਸ ਬਾਹਰ ਨਿਕਲਿਆ।
ਡੇਰਾ ਬਿਆਸ ਮੁਖੀ ਨਾਲ ਮੁਲਾਕਾਤ: ਇਸ ਦੌਰਾਨ ਗੱਲਬਾਤ ਕਰਦਿਆਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਉਹ ਕਿਸੇ ਰਾਜਨੀਤਿਕ ਆਗੂ ਦੇ ਵਜੋਂ ਨਹੀਂ ਬਲਕਿ ਇੱਕ ਸ਼ਰਧਾਲੂ ਦੇ ਵਜੋਂ ਡੇਰਾ ਬਿਆਸ ਆਏ ਸਨ ਅਤੇ ਉਹ ਲੰਬੇ ਸਮੇਂ ਤੋਂ ਡੇਰਾ ਬਿਆਸ ਦੇ ਸ਼ਰਧਾਲੂ ਹਨ। ਉਹਨਾਂ ਕਿਹਾ ਕਿ ਅੱਜ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਜੀ ਢਿਲੋਂ ਦੇ ਨਾਲ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਤੇ ਉਹਨਾਂ ਦੇ ਦਰਸ਼ਨਾਂ ਦੇ ਨਾਲ-ਨਾਲ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ।
ਕੁਲਬੀਰ ਜ਼ੀਰਾ ਦੇ ਬਿਆਨ 'ਤੇ ਜਵਾਬ:ਇਸ ਦੇ ਨਾਲ ਹੀ ਕਾਂਗਰਸ ਉਮੀਦਵਾਰ ਕੁਲਬੀਰ ਜ਼ੀਰਾ ਵੱਲੋਂ ਦਿੱਤੇ ਜਾ ਰਹੇ ਇੱਕ ਬਿਆਨ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੇ ਵਿਵਾਦਿਤ ਬਿਆਨ ਦੇਣ ਦੀ ਬਜਾਏ ਮੁੱਦਿਆਂ ਦੇ ਉੱਤੇ ਰਾਜਨੀਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਗੱਲ ਕੀਤੀ ਜਾਵੇ ਨਾ ਕਿ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕਰਦਿਆਂ ਲੋਕਾਂ ਦਾ ਧਿਆਨ ਭਟਕਾਇਆ ਜਾਵੇ।
ਦੂਸ਼ਣਬਾਜ਼ੀ ਦੀ ਥਾਂ ਕਰੀਏ ਲੋਕਾਂ ਦੇ ਕੰਮ:ਇਸ ਦੇ ਨਾਲ ਹੀ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਮੇਰੀ ਸ਼ੁਰੂ ਤੋਂ ਆਦਤ ਹੈ ਕੀ ਮੈਂ ਕਦੇ ਵੀ ਕਿਸੇ ਵੀ ਵਿਅਕਤੀ ਦੇ ਖਿਲਾਫ ਨਿੱਜੀ ਤੌਰ ਦੇ ਉੱਤੇ ਕੋਈ ਵੀ ਟੀਕਾ ਟਿੱਪਣੀ ਨਹੀਂ ਕਰਦਾ। ਉਹਨਾਂ ਕਿਹਾ ਕਿ ਸਾਡਾ ਤਾਂ ਫਰਜ਼ ਬਣਦਾ ਹੈ ਕਿ ਅਸੀਂ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਲੋਕਾਂ ਨੂੰ ਜਾ ਕੇ ਦੱਸੀਏ ਕਿ ਅਸੀਂ ਲੋਕਾਂ ਵਾਸਤੇ ਕੀ ਕਰ ਸਕਦੇ ਹਾਂ। ਲੋਕਾਂ ਦੀ ਸੇਵਾ ਦੀ ਗੱਲ ਕਰੀਏ ਅਤੇ ਮੈਂ ਇਕ ਦੂਜੇ ਉੱਤੇ ਵਿਵਾਦਿਤ ਬਿਆਨ ਦੇਣ ਵਿੱਚ ਵਿਸ਼ਵਾਸ ਨਹੀਂ ਰੱਖਦਾ।