ਕੇਵਲ ਸਿੰਘ ਢਿੱਲੋਂ ਵੱਲੋਂ ਭਾਜਪਾ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿੱਤ ਦਵਾਉਣ ਦਾ ਕੀਤਾ ਐਲਾਨ ਬਰਨਾਲਾ: ਲੋਕ ਸਭਾ ਚੋਣਾਂ ਦੀ ਸਰਗਰਮੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਪਰ ਭਾਜਪਾ ਨੇ ਸੰਗਰੂਰ ਹਲਕੇ ਵਿੱਚ ਬਿਨ੍ਹਾਂ ਉਮੀਦਵਾਰ ਤੋਂ ਹੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੀ ਬਰਨਾਲਾ ਜ਼ਿਲ੍ਹੇ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਸੂਬਾ ਕੋਰ ਕਮੇਟੀ ਮੈਂਬਰ ਕਲੱਸਟਰ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੋਈ ਹੈ। ਜਿਸ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਵਿਚਾਰ ਚਰਚਾ ਕੀਤੀ ਗਈ ਹੈ। ਇਸ ਉਪਰੰਤ ਕੇਵਲ ਸਿੰਘ ਢਿੱਲੋਂ ਵੱਲੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿੱਤ ਦਵਾਉਣ ਦਾ ਐਲਾਨ ਕੀਤਾ। ਉੱਥੇ ਹੀ ਇਸ ਮੌਕੇ ਕਈ ਪਿੰਡਾਂ ਦੇ ਸਰਪੰਚਾਂ ਅਹੁਦੇਦਾਰ ਤੋਂ ਇਲਾਵਾ 100 ਦੇ ਕਰੀਬ ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੇ ਸਭ ਤੋਂ ਵੱਡੇ ਦਾਅਵੇਦਾਰ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਲੋਂ ਬਣਾਏ ਜਾਣ ਵਾਲੇ ਹਰ ਉਮੀਦਵਾਰ ਦਾ ਡੱਟ ਕੇ ਸਾਥ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪਾਰਟੀ ਵਰਕਰਾਂ ਤੇ ਜ਼ਿਲ੍ਹੇ ਦੇ ਹੋਰ ਕਮੇਟੀ ਮੈਂਬਰਾਂ ਨਾਲ ਲੋਕ ਸਭਾ ਚੋਣ ਨੂੰ ਲੈ ਕੇ ਭਰਵੀਆਂ ਮੀਟਿੰਗਾਂ ਹੋਈਆਂ ਹਨ। ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦੌਰਾਨ ਤਰੱਕੀ ਦੀਆਂ ਮੰਜ਼ਿਲਾਂ ਤੱਕ ਪਹੁੰਚ ਰਿਹਾ ਹੈ। ਆਗਾਮੀ ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਦੇ ਲੋਕ ਭਾਜਪਾ ਦੀ ਮੁੜ ਸਰਕਾਰ ਬਨਾਉਣ ਲਈ ਉਤਾਵਲੇ ਹਨ।
ਲੋਕਾਂ ਦੀ ਇੱਕੋ-ਇੱਕ ਉਮੀਦ ਭਾਰਤੀ ਜਨਤਾ ਪਾਰਟੀ : ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਇਸ ਵਾਰ ਭਾਜਪਾ ਦੇ ਹੱਕ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਲੋਕ ਸੂਬਾ ਸਰਕਾਰ ਅਤੇ ਦੂਜੀਆਂ ਪਾਰਟੀਆਂ ਤੋਂ ਦੁਖ਼ੀ ਹਨ। ਲੋਕਾਂ ਦੀ ਇੱਕੋ-ਇੱਕ ਉਮੀਦ ਭਾਰਤੀ ਜਨਤਾ ਪਾਰਟੀ ਹੈ। ਜਿਸ ਕਰਕੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਉਪਰ ਭਾਜਪਾ ਦੀ ਵੱਡੀ ਜਿੱਤ ਹੋਵੇਗੀ। ਉੱਥੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਕਿਸੇ ਵੀ ਉਮੀਦਵਾਰ ਨੂੰ ਟਿਕਟ ਦੇਵੇ, ਉਹ ਪੂਰੀ ਜ਼ਿੰਦ ਜਾਨ ਲਾ ਕੇ ਪਾਰਟੀ ਨੂੰ ਜਿਤਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਲੋਕ ਖੁਸ਼ ਹਨ, ਜਿਸ ਕਰਕੇ ਭਾਜਪਾ ਦਿਨ ਕਾਫ਼ਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।
ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਗੂ : ਇਸ ਤਹਿਤ ਅੱਜ ਪਿੰਡਾਂ ਦੇ ਸਰਪੰਚ, ਐਮਸੀ, ਹੋਰ ਅਹੁਦੇਦਾਰ ਤੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਯਾਦਵਿੰਦਰ ਸਿੰਘ ਸ਼ੰਟੀ ਜ਼ਿਲ੍ਹਾ ਪ੍ਰਧਾਨ, ਗੁਰਸ਼ਰਨ ਸਿੰਘ ਜਰਨਲ ਸਕੱਤਰ, ਸੋਮ ਨਾਥ ਤਪਾ ਮੰਡਲ ਪ੍ਰਧਾਨ, ਗੁਰਜੰਟ ਸਿੰਘ ਕਰਮਗੜ੍ਹ, ਕੁਲਦੀਪ ਸਿੰਘ ਧਾਲੀਵਾਲ, ਮੱਖਣ ਸਿੰਘ ਧਨੌਲਾ, ਮੋਹਿਤ ਗੋਇਲ ਲੋਕ ਸਭਾ ਵਿਸਥਾਰਕ, ਰਾਮ ਚੋਹਾਨ ਵਿਧਾਨ ਸਭਾ ਵਿਸਥਾਰਕ, ਧਰਮ ਸਿੰਘ ਫੋਜੀ ਕੌਂਸਲਰ, ਸੁਭਾਸ਼ ਮੱਕੜਾ, ਅਸ਼ੋਕ ਮਿੱਤਲ ਸਾਬਕਾ ਚੇਅਰਮੈਨ, ਜੀਵਨ ਬਾਂਸਲ ਸਾਬਕਾ ਚੇਅਰਮੈਨ, ਜਥੇਦਾਰ ਸੁਖਵੰਤ ਸਿੰਘ ਧਨੌਲਾ, ਪ੍ਰੇਮ ਪ੍ਰੀਤਮ ਸਾਬਕਾ ਜ਼ਿਲਾ ਪ੍ਰਧਾਨ, ਹਰਬਖਸ਼ੀਸ ਸਿੰਘ ਗੋਨੀ, ਜੱਗਾ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਗੂ ਹਾਜ਼ਰ ਸਨ।