ਲੁਧਿਆਣਾ:ਬਲਵੰਤ ਸਿੰਘ ਰਾਜੋਆਣਾ ਦੇ ਭਰਾ ਕੁਲਵੰਤ ਰਾਜੋਆਣਾ ਦੀ ਅੰਤਿਮ ਅਰਦਾਸ ਮੌਕੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕਰਨ ਲਈ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਪਹੁੰਚੇ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਬਿਕਰਮ ਮਜੀਠੀਆ ਨੇ ਬਿਨਾਂ ਨਾਮ ਲਏ ਕਿਹਾ ਕਿ, 'ਅੱਜ-ਕੱਲ੍ਹ ਸਿੱਖ ਕੌਮ ਉਨ੍ਹਾਂ ਲੋਕਾਂ ਨੂੰ ਜਰਨੈਲ ਮੰਨਣ ਲੱਗ ਗਈ ਹੈ ਜਿਹੜੇ ਲੋਕ ਆਪਣੇ ਸਾਥੀ ਨੂੰ ਛੁਡਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਚਲੇ ਜਾਂਦੇ ਹਨ,'।
ਅਸਿੱਧੇ ਸ਼ਬਦਾਂ 'ਚ ਅੰਮ੍ਰਿਤਪਾਲ 'ਤੇ ਬਿਕਰਮ ਮਜੀਠੀਆ ਦਾ ਤਿੱਖਾ ਤੰਜ (ETV BHARAT PUNJAB (ਪੱਤਰਕਾਰ,ਲੁਧਿਆਣਾ)) ਮਜੀਠੀਆ ਦੇ ਤਿੱਖੇ ਤੰਜ
ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ,' ਬਾਹਰਲੀਆਂ ਤਾਕਤਾਂ ਵੱਲੋਂ ਸਿੱਖ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਇਸ ਕਰਕੇ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ। ਅਸਲੀ ਬੰਦੀ ਸਿੰਘ ਕੌਣ ਹਨ ਇਸ ਦਾ ਪਤਾ ਹੋਣਾ ਚਾਹੀਦਾ ਹੈ, ਇਹ ਮੈਨੂੰ ਵੀ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਲਵੰਤ ਸਿੰਘ ਰਾਜੋਵਾਣਾ ਨਾਲ ਜੇਲ੍ਹ ਦੇ ਵਿੱਚ ਰਹਿਣਾ ਪਿਆ, ਅਸਲੀ ਬੰਦੀ ਸਿੰਘ ਉਹ ਨੇ ਜੋ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਹਮਲੇ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦੇ ਸਨ,'।
ਇਹ ਸਾਰੀ ਗੱਲਬਾਤ ਬਿਕਰਮ ਮਜੀਠੀਆ ਨੇ ਆਪਣੇ ਸੰਬੋਧਨ ਦੌਰਾਨ ਕਹੀ ਅਤੇ ਇਸ ਦਾ ਸਿੱਧਾ ਇਸ਼ਾਰਾ ਨੈਸ਼ਨਲ ਸੁਰੱਖਿਆ ਐਕਟ ਤਹਿਤ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲ ਸੀ। ਹਾਲਾਂਕਿ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਵੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਹੋਏ ਸਨ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨਾਲ ਜਦੋਂ ਮਜੀਠੀਆ ਦੇ ਇਸ ਤੰਜ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿੰਨੀ ਜਿਸ ਦੇ ਹਿੱਸੇ ਕੁਰਬਾਨੀ ਆਈ ਹੈ ਉਹ ਦੇ ਰਿਹਾ ਹੈ। ਉਹਨਾਂ ਕਿਹਾ ਕਿ ਚਲੋ ਕੋਈ ਗੱਲ ਨਹੀਂ। ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਕਿ ਅੱਜ ਸ਼ਰਧਾਂਜਲੀ ਦੇਣ ਲਈ ਉਹ ਕੁਲਵੰਤ ਰਾਜੋਆਣਾ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਹਨ। ਉਹਨਾਂ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਨੂੰ ਬਹੁਤ ਵੱਡੀ ਦੱਸਿਆ ਕਿਉਂਕਿ ਉਹ ਕਈ ਸਾਲ ਤੋਂ ਜੇਲ੍ਹ ਦੇ ਵਿੱਚ ਹਨ।