ਚੰਡੀਗੜ੍ਹ:ਦਿੱਲੀ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਮਗਰੋਂ ਵੱਡਾ ਫੇਰਬਦਲ ਪਾਰਟੀ ਹਾਈਕਮਾਨ ਵੱਲੋਂ ਕੀਤਾ ਗਿਆ ਹੈ। ਕਾਂਗਰਸ ਨੇ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕਰਦਿਆਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਸੂਬੇ ਦਾ ਇੰਚਾਰਜ ਥਾਪਿਆ ਹੈ। ਕਾਂਗਰਸ ਹਾਈਕਮਾਨ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਪੂਰੇ ਫੇਰਬਦਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਭੁਪੇਸ਼ ਬਘੇਲ ਦਾ ਸਿਆਸੀ ਸਫ਼ਰ
ਭੁਪੇਸ਼ ਬਘੇਲ ਇੱਕ ਭਾਰਤੀ ਸਿਆਸਤਦਾਨ ਹੈ ਜੋ ਛੱਤੀਸਗੜ੍ਹ ਦੇ ਤੀਜੇ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦਾ ਜਨਮ 23 ਅਗਸਤ 1961 ਨੂੰ ਦੁਰਗ, ਛੱਤੀਸਗੜ੍ਹ ਵਿੱਚ ਹੋਇਆ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ ਅਤੇ ਅਕਤੂਬਰ 2014 ਤੋਂ ਜੂਨ 2019 ਤੱਕ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ। ਭੁਪੇਸ਼ ਬਘੇਲ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਭਾਰਤੀ ਯੂਥ ਕਾਂਗਰਸ ਤੋਂ ਕੀਤੀ ਸੀ। ਉਹ ਪਹਿਲੀ ਵਾਰ 1993 ਵਿੱਚ ਪਾਟਨ ਤੋਂ ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਗਏ ਸਨ ਅਤੇ ਬਾਅਦ ਵਿੱਚ ਇਸੇ ਸੀਟ ਤੋਂ ਪੰਜ ਵਾਰ ਚੁਣੇ ਗਏ ਸਨ। ਉਨ੍ਹਾਂ ਛੱਤੀਸਗੜ੍ਹ ਦੀ ਸਰਕਾਰ ਵਿੱਚ ਇੱਕ ਮੰਤਰੀ ਵਜੋਂ ਵੀ ਕੰਮ ਕੀਤਾ ਹੈ ਅਤੇ 2018 ਵਿੱਚ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 17 ਦਸੰਬਰ 2018 ਨੂੰ ਭੂਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਤੀਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨ ਕਰਜ਼ਾ ਮੁਆਫ਼ੀ ਅਤੇ ਝੋਨੇ ਦੇ ਸਮਰਥਨ ਮੁੱਲ ਵਿੱਚ 50% ਵਾਧੇ ਸਮੇਤ ਕਈ ਅਹਿਮ ਫੈਸਲੇ ਲਏ ਹਨ।