ਚਾਈਨਾ ਡੋਰ ਦਾ ਖੌਫ, ਵਰਤੋਂ ਕਰਨ ਤੇ ਵੇਚਣ ਵਾਲੇ 'ਤੇ ਹੋਵੇਗੀ ਕਾਨੂੰਨੀ ਕਾਰਵਾਈ ਬਠਿੰਡਾ:ਬਸੰਤ ਪੰਚਮੀ ਦੇ ਤਿਉਹਾਰ ਮੌਕੇ ਚਾਈਨਾ ਡੋਰ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਦੀ ਚਿੰਤਾ ਵਧ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਨਾਲ ਹਰ ਵੇਲ੍ਹੇ ਹਾਦਸਾ ਵਾਪਰੇ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਧਰ, ਪੁਲਿਸ ਵਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤਿਉਹਾਰ ਨੂੰ ਤਿਉਹਾਰ ਵਾਂਗ ਹੀ ਮਨਾਇਆ ਜਾਵੇ। ਚਾਈਨਾ ਡੋਰ ਦੀ ਵਰਤੋਂ ਕਰਨ ਤੇ ਵੇਚਣ ਵਾਲੇ 'ਤੇ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਇਹ ਚਾਈਨਾ ਡੋਰ ਅਜੇ ਵੀ ਮੁੰਕਮਲ ਤੌਰ ਉੱਤੇ ਸੂਬੇ ਵਿੱਚ ਬੰਦ ਨਹੀਂ ਹੋਈ ਹੈ (Basant Panchami Kites Flying) ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ। ਇੱਥੋ ਤੱਕ ਕਿ ਕਈ ਵਾਰ ਜਖਮੀ ਦੀ ਜਾਨ ਉੱਤੇ ਬਣ ਜਾਂਦੀ ਹੈ।
ਬਸੰਤ ਮੌਕੇ ਪਤੰਗਬਾਜ਼ੀ ਦਾ ਉਤਸ਼ਾਹ; ਚਾਈਨਾ ਡੋਰ ਦਾ ਖੌਫ ਗਾਹਕ ਅਜੇ ਵੀ ਕਰਦੇ ਚਾਈਨਾ ਡੋਰ ਦੀ ਮੰਗ:ਹੁਣ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਹੁਣ ਤੋਂ ਹੀ ਚਾਈਨਾ ਡੋਰ ਉੱਤੇ ਸ਼ਿਕੰਜਾ ਕੱਸਣ ਲਈ ਡਰੋਨ ਦੀ ਮਦਦ ਲੈਣ ਦੀ ਗੱਲ ਆਖੀ ਜਾ ਰਹੀ ਹੈ। ਦੂਜੇ ਪਾਸੇ, ਪਤੰਗ ਅਤੇ ਡੋਰ ਦਾ ਕਾਰੋਬਾਰ ਕਰਨ ਵਾਲੇ ਰਾਜ ਕੁਮਾਰ ਦਾ ਕਹਿਣਾ ਹੈ ਕਿ ਮਾਰਕੀਟ ਵਿੱਚ ਭਾਵੇਂ ਇਸ ਸਾਲ ਚਾਈਨਾ ਡੋਰ ਨਹੀਂ ਮਿਲ ਰਹੀ, ਪਰ ਕਈ ਲੋਕਾਂ ਵੱਲੋਂ ਪਿਛਲੇ ਸਾਲ ਦੀ ਸਾਂਭੀ ਹੋਈ ਚਾਈਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਕੁਝ ਦੁਕਾਨਦਾਰਾਂ ਵੱਲੋਂ ਚੋਰੀ-ਚੋਰੀ ਚਾਈਨਾ ਡੋਰ ਵੇਚੀ ਜਾ ਰਹੀ ਹੈ। ਗਾਹਕ ਵੀ ਚਾਈਨਾ ਡੋਰ ਦੀ ਮੰਗ ਕਰਦੇ ਹਨ।
ਚਾਈਨਾ ਡੋਰ ਦੀ ਵਰਤੋਂ ਕਰਨ ਤੇ ਵੇਚਣ ਵਾਲੇ 'ਤੇ ਹੋਵੇਗੀ ਕਾਨੂੰਨੀ ਕਾਰਵਾਈ ਬੱਚਿਆਂ ਦੀ ਜਿੱਦ ਕਰਕੇ ਮਾਪੇ ਲੈ ਦਿੰਦੇ ਚਾਈਨਾ ਡੋਰ: ਚਾਈਨਾ ਡੋਰ ਖਿਲਾਫ 2007 ਤੋਂ ਲਗਾਤਾਰ ਲੜਾਈ ਲੜ ਰਹੇ ਸਮਾਜ ਸੇਵੀ ਸੰਸਥਾ ਦੇ ਆਗੂ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਭਾਵੇਂ ਇਸ ਖੂਨੀ ਡੋਰ ਦਾ ਨਾਮ ਚਾਈਨਾ ਡੋਰ ਰੱਖਿਆ ਗਿਆ ਹੈ, ਪਰ ਇਹ ਭਾਰਤ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ। ਕਈ ਕੰਪਨੀਆਂ ਵੱਲੋਂ ਇਸ ਨੂੰ ਆਨਲਾਈਨ ਉਪਲਬਧ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਚਾਈਨਾ ਡੋਰ ਦੀ ਮੰਗ ਲਗਾਤਾਰ ਵੱਧ ਰਹੀ ਹੈ। ਭਾਵੇਂ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਸਖ਼ਤ ਫੈਸਲੇ ਲਏ ਗਏ ਅਤੇ ਇਸ ਡੋਰ ਨੂੰ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਪਰ ਫਿਰ ਵੀ ਕੁਝ ਲੋਕ ਆਪਣੇ ਬੱਚਿਆਂ ਦੀ ਜਿੱਦ ਨੂੰ ਵੇਖਦੇ ਹੋਏ ਚਾਈਨਾ ਡੋਰ ਲੈ ਕੇ ਦਿੰਦੇ ਹਨ। ਇਹ ਡੋਰ ਫਿਰ ਹੋਰਨਾਂ ਦੇ ਬੱਚਿਆਂ ਲਈ ਜਾਨਲੇਵਾ ਸਾਬਿਤ ਹੋ ਜਾਂਦੀ ਹੈ।
ਚਾਈਨਾ ਡੋਰ ਦੀ ਵਰਤੋਂ ਤੇ ਵੇਚਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਐਸ ਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਵਿਭਾਗ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਸਮੇਂ ਸਮੇਂ ਸਿਰ ਚਾਈਨਾ ਡੋਰ ਨੂੰ ਲੈ ਕੇ ਸਰਚ ਅਭਿਆਨ ਚਲਾਇਆ ਜਾਂਦਾ ਹੈ। ਲਗਾਤਾਰ ਉਨ੍ਹਾਂ ਦੀਆਂ ਟੀਮਾਂ ਵੱਲੋਂ ਪਤੰਗਾਂ ਅਤੇ ਡੋਰਾਂ ਦਾ ਕਾਰੋਬਾਰ ਕਰਨ ਵਾਲੀਆਂ ਦੁਕਾਨਾਂ 'ਤੇ ਸਰਚ ਕੀਤੀ ਜਾਂਦੀ ਹੈ। ਚਾਈਨਾ ਡੋਰ ਦੇ ਖ਼ਤਰਨਾਕ ਨਤੀਜਿਆਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਿਛਲੇ ਦਿਨੀਂ ਪੁਲਿਸ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਪਤੰਗ ਫੈਸਟੀਵਲ ਵੀ ਕਰਵਾਇਆ ਗਿਆ ਸੀ ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਚਾਈਨਾ ਡੋਰ ਦੇ ਨੁਕਸਾਨ ਤੋਂ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪੁਲਿਸ ਵੱਲੋਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਦੀ ਵਰਤੋਂ ਅਤੇ ਵੇਚਦਾ ਪਾਇਆ ਗਿਆ, ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।