ਬਠਿੰਡਾ :ਬਠਿੰਡਾ ਦੇ ਏਮਜ਼ ਹਸਪਤਾਲ ਦੀ ਇੱਕ ਨਰਸ ਦੇ ਬਾਥਰੂਮ ਵਿੱਚ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜੋਧਪੁਰ ਦਾ ਰਹਿਣ ਵਾਲਾ ਹੈ, ਜਿਸ ਨੇ ਮਹਿਲਾ ਨਰਸ ਦੇ ਬਾਥਰੂਮ 'ਚ ਮੋਬਾਇਲ ਫੋਨ ਲਕੋ ਕੇ ਰੱਖਿਆ ਸੀ ਅਤੇ ਨਹਾਉਂਦੇ ਸਮੇਂ ਨਰਸ ਦੀ ਅਸ਼ਲੀਲ ਵੀਡੀਓ ਬਣਾ ਲਈ ਸੀ, ਪਰ ਜਦੋਂ ਨਰਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
Bathinda Police arrests accused (ETV BHARAT (ਬਠਿੰਡਾ, ਪੱਤਰਕਾਰ)) ਮਾਮਲੇ ਦੀ ਜਾਂਚ ਜਾਰੀ
ਬਠਿੰਡਾ ਦੇ ਸਦਰ ਥਾਣੇ ਦੇ ਜਗਦੀਪ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਜਸਕਰਨ ਸਿੰਘ ਕਾਫੀ ਸਮੇਂ ਤੋਂ ਇਸ ਨਰਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਹੁਣ ਇਸ ਨੇ ਨਰਸ ਦੇ ਬਾਥਰੂਮ 'ਚ ਮੋਬਾਇਲ ਫੋਨ ਰੱਖ ਵੀਡੀਓ ਬਣਾ ਲਈ।
ਪੁਲਿਸ ਨੇ ਮਹਿਲਾ ਸਟਾਫ ਨਰਸ ਦੀ ਸ਼ਿਕਾਇਤ ਉੱਤੇ ਮੁਲਜ਼ਮ ਜਸਕਰਨ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਇਹ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਇਸ ਵੀਡੀਓ ਨੂੰ ਅੱਗੇ ਵਾਇਰਲ ਕੀਤਾ ਜਾਂ ਇਸ ਦੇ ਪਿੱਛੇ ਉਸ ਦਾ ਕੋਈ ਹੋਰ ਮਕਸਦ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।