ਅਗਨੀਵੀਰ ਸ਼ਹੀਦ ਦੇ ਪਰਿਵਾਰ ਦਾ ਹਾਲ (ਰਿਪੋਰਟ - ਪੱਤਰਕਾਰ, ਬਰਨਾਲਾ) ਬਰਨਾਲਾ: ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਫ਼ੌਜ ਵਿੱਚ ਅਗਨੀਵੀਰ ਯੋਜਨਾ ਨੂੰ ਲੈ ਕੇ ਸਵਾਲ ਚੁੱਕੇ ਹਨ। ਰਾਹੁਲ ਗਾਂਧੀ ਨੇ ਆਪਣੇ ਭਾਸ਼ਨ ਦੌਰਾਨ ਪੰਜਾਬ ਦੇ ਇੱਕ ਅਗਨੀਵੀਰ ਦੀ ਸ਼ਹਾਦਤ ਅਤੇ ਉਸ ਦੇ ਪਰਿਵਾਰ ਦਾ ਜ਼ਿਕਰ ਕੀਤਾ ਹੈ ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਦਾ ਇੱਕ ਸ਼ਹੀਦ ਅਗਨੀਵੀਰ ਦਾ ਪਰਿਵਾਰ ਸਾਹਮਣੇ ਆਇਆ ਹੈ, ਜਿਸ ਨੇ ਸਰਕਾਰਾਂ ਉਪਰ ਸਵਾਲ ਕੀਤੇ ਹਨ। ਉਥੇ ਅਗਨੀਵੀਰ ਯੋਜਨਾ ਦਾ ਵੀ ਵਿਰੋਧ ਕੀਤਾ ਹੈ।
ਸ਼ਹੀਦੀ ਦਾ ਕਾਰਨ ਵੀ ਨਹੀਂ ਦੱਸਿਆ: ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਦੀ ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਸੁਖਵਿੰਦਰ ਸਿੰਘ 25 ਦਸੰਬਰ, 2022 ਨੂੰ ਅਗਨੀਵੀਰ ਯੋਜਨਾ ਰਾਹੀਂ ਭਾਰਤੀ ਫ਼ੌਜੀ ਵਿੱਚ ਭਰਤੀ ਹੋਇਆ ਸੀ ਅਤੇ 16 ਅਪ੍ਰੈਲ 2024 ਨੂੰ ਸ਼ਹੀਦ ਹੋ ਗਿਆ ਸੀ। ਸਿਰਫ਼ ਇੱਕ ਸਾਲ ਚਾਰ ਮਹੀਨੇ ਹੀ ਨੌਕਰੀ ਕਰ ਸਕਿਆ। ਭਰਤੀ ਹੋਣ ਤੋਂ ਬਾਅਦ ਸੁਖਵਿੰਦਰ ਸਿੰਘ ਦੀ ਪਹਿਲੀ ਪੋਸਟਿੰਗ ਜੰਮੂ ਵਿੱਚ ਹੋਈ ਸੀ ਅਤੇ ਉਥੇ ਹੀ ਸੁਖਵਿੰਦਰ ਸ਼ਹੀਦ ਹੋ ਗਿਆ ਸੀ। ਹੋਰ ਤਾਂ ਹੋਰ ਅਜੇ ਤੱਕ ਪੁੱਤਰ ਦੀ ਸ਼ਹਾਦਤ ਦਾ ਕਾਰਨ ਵੀ ਨਹੀਂ ਦੱਸਿਆ ਗਿਆ। ਉਹਨਾਂ ਦੱਸਿਆ ਕਿ ਘਰ ਵਿੱਚ ਦੋ ਪੁੱਤਰ ਹਨ। ਇੱਕ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ। ਪੁੱਤਰ ਦੇ ਸ਼ਹੀਦ ਹੋਣ ਤੋਂ ਬਾਅਦ ਅਜੇ ਤੱਕ ਕੋਈ ਵੀ ਮੁਆਵਜ਼ਾ ਜਾਂ ਸਹਾਇਤਾ ਕਿਸੇ ਵੀ ਸਰਕਾਰ ਵਲੋਂ ਨਹੀਂ ਦਿੱਤੀ ਗਈ।
ਕੋਈ ਵਾਅਦਾ ਨਹੀਂ ਹੋਇਆ ਵਫਾ:ਸ਼ਹੀਦ ਦੀ ਮਾਤਾ ਰਣਜੀਤ ਕੌਰ ਨੇ ਕਿਹਾ ਕਿ ਪੁੱਤਰ ਦੀ ਸ਼ਹਾਦਤ ਮੌਕੇ ਸਰਕਾਰ ਨੇ ਪਰਿਵਾਰ ਦੀ ਮੱਦਦ ਦਾ ਭਰੋਸਾ ਜ਼ਰੂਰ ਕੀਤਾ ਸੀ, ਪਰ ਬਾਅਦ ਵਿੱਚ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਅਗਨੀਵੀਰ ਯੋਜਨਾ ਦੇ ਹੀ ਵਿਰੁੱਧ ਹੈ, ਕਿਉਂਕਿ ਇਸ ਯੋਜਨਾ ਤਹਿਤ ਫ਼ੌਜ ਵਿੱਚ ਭਰਤੀ ਹੋਏ ਨੌਜਵਾਨਾਂ ਨੂੰ ਬਣਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਸ਼ਹਾਦਤ ਤੋਂ ਬਾਅਦ ਪੁੱਤਰ ਦੇ ਅੰਤਿਮ ਸੰਸਕਾਰ ਮੌਕੇ ਵੀ ਸਲਾਮੀ ਤੱਕ ਨਹੀਂ ਦਿੱਤੀ ਗਈ। ਉਸ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਘਰ ਆ ਕੇ ਪਰਿਵਾਰ ਨਾਲ ਬਹੁਤ ਵਾਅਦੇ ਕੀਤੇ ਸਨ, ਪ੍ਰੰਤੂ ਅੱਜ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਮੇਰਾ ਪਤੀ ਆਰਮੀ ਵਿੱਚ ਸੀ, ਜਿਸਤੋਂ ਉਤਸ਼ਾਹਿਤ ਕੇ ਪੁੱਤਰ ਭਰਤੀ ਹੋਇਆ ਸੀ। ਪਤੀ ਦੀ ਨੌਕਰੀ ਦੀਆਂ ਸਾਰੀਆਂ ਸਹੂਲਤਾਂ ਅੱਜ ਤੱਕ ਪਰਿਵਾਰ ਨੂੰ ਮਿਲ ਰਹੀਆਂ ਹਨ, ਪਰ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਵੀ ਕੋਈ ਸਹੂਲਤ ਨਹੀਂ ਮਿਲੀ।
ਵਾਅਦੇ ਅੱਜ ਤੱਕ ਪੂਰੇ ਨਹੀਂ ਹੋਏ: ਉਥੇ ਹੀ ਸ਼ਹੀਦ ਦੀ ਦਾਦੀ ਗੁਰਦੇਵ ਕੌਰ ਨੇ ਕਿਹਾ ਕਿ ਸੁਖਵਿੰਦਰ ਸਿੰਘ ਦਾ ਪਿਤਾ ਫ਼ੌਜ ਵਿੱਚ ਭਰਤੀ ਸੀ, ਜਿਸ ਤੋਂ ਉਤਸ਼ਾਹਿਤ ਹੋ ਕੇ ਹੀ ਪੋਤਾ ਵੀ ਫ਼ੌਜ ਵਿੱਚ ਭਰਤੀ ਹੋਇਆ। ਉਨ੍ਹਾਂ ਕਿਹਾ ਕਿ ਸਾਡਾ ਬੱਚਾ ਫ਼ੌਜ ਵਿੱਚ ਸ਼ਹੀਦ ਹੋ ਗਿਆ। ਭਾਵੇਂ ਸਾਡਾ ਬੱਚਾ ਵਾਪਸ ਨਹੀਂ ਆ ਸਕਦਾ, ਪਰ ਸਰਕਾਰ ਨੇ ਪਰਿਵਾਰ ਦੀ ਵੀ ਕੋਈ ਮਦਦ ਨਹੀਂ ਕੀਤੀ। ਉਹਨਾਂ ਕਿਹਾ ਕਿ ਮੇਰਾ ਪੁੱਤਰ ਨੂੰ ਫ਼ੌਜ ਦੀ ਨੌਕਰੀ ਦੌਰਾਨ ਪੈਨਸ਼ਨ ਸਮੇਤ ਹਰ ਤਰ੍ਹਾਂ ਦੀ ਸਹੂਲਤ ਸਰਕਾਰ ਵਲੋਂ ਦਿੱਤੀ ਗਈ, ਪਰ ਮੇਰੇ ਪੋਤਰੇ ਨੂੰ ਸਰਕਾਰ ਨੇ ਸ਼ਹੀਦ ਹੋਣ ਤੋਂ ਬਾਅਦ ਵੀ ਕੋਈ ਸਹੂਲਤ ਨਹੀਂ ਦਿੱਤੀ, ਜੋ ਵੀ ਵਾਅਦੇ ਸਾਡੇ ਨਾਲ ਕੀਤੇ ਗਏ, ਉਹ ਅੱਜ ਤੱਕ ਪੂਰੇ ਨਹੀਂ ਹੋਏ।
ਰਾਜਨਾਥ ਸਿੰਘ ਦਾ ਜਵਾਬ : ਦੂਜੇ ਪਾਸੇ,ਸਦਨ 'ਚ ਰਾਹੁਲ ਗਾਂਧੀ ਦੇ ਬਿਆਨ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਵਾਬ ਦਿੱਤਾ ਤੇ ਕਿਹਾ, ਅਗਨੀਵੀਰ ਸ਼ਹੀਦ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਰਾਹੁਲ ਅਗਨੀਵੀਰ 'ਤੇ ਗ਼ਲਤ ਬਿਆਨਬਾਜ਼ੀ ਕਰਕੇ ਸਦਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਇਹ ਕਿੰਨਾ ਕੁ ਸੱਚ ਹੈ, ਉਹ ਪੀੜਤ ਪਰਿਵਾਰਾਂ ਉਜਾਗਰ ਕਰ ਰਹੇ ਹਨ।