ਪੰਜਾਬ

punjab

ETV Bharat / state

51 ਸਾਲ ਦੇ ਹੋਏ ਮੁੱਖ ਮੰਤਰੀ ਮਾਨ, ਜਾਣੋਂ ਹਾਸਰਸ ਕਲਾਕਾਰ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਸਫਰ - CM MANN BDAY

ਕਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ, ਸਿਆਸੀ ਸਫਰ ਤੱਕ ਆਉਣ ਲਈ ਉਹਨਾਂ ਨੇ ਜ਼ਿੰਦਗੀ ਦੇ ਕਈ ਪੜਾਅ ਪਾਰ ਕੀਤੇ ਹਨ।

At the age of 51, Chief Minister Mann, how did he become a politician from a comic artist?
51 ਸਾਲ ਦੇ ਹੋਏ ਮੁੱਖ ਮੰਤਰੀ ਮਾਨ,ਜਾਣੋਂ ਹਾਸਰਸ ਕਲਾਕਾਰ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਸਫਰ (ਸੋਸ਼ਲ ਮੀਡੀਆ)

By ETV Bharat Punjabi Team

Published : Oct 17, 2024, 12:40 PM IST

Updated : Oct 17, 2024, 5:22 PM IST

ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਸੱਤਾ ਮਿਲਦੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਚੁਣੇ ਗਏ ਭਗਵੰਤ ਮਾਨ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਸਿਹਤਮੰਦ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ। ਭਗਵੰਤ ਮਾਨ ਦੇ 51ਵੇਂ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਬਾਰੇ ਕੁੱਝ ਖ਼ਾਸ ਗੱਲਾਂ।

51 ਸਾਲ ਦੇ ਹੋਏ ਮੁੱਖ ਮੰਤਰੀ ਮਾਨ (ਸੋਸ਼ਲ ਮੀਡੀਆ)

ਭਗਵੰਤ ਮਾਨ ਦਾ ਪਿਛੋਕੜ ਅਤੇ ਪਰਿਵਾਰ

ਭਗਵੰਤ ਮਾਨ ਦੇ ਪਿਤਾ ਇੱਕ ਸਰਕਾਰੀ ਅਧਿਆਪਕ ਸਨ ਅਤੇ ਉਨ੍ਹਾਂ ਦਾ ਜਨਮ 1973 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੋਜ ਵਿੱਚ ਹੋਇਆ ਸੀ। ਉਨ੍ਹਾਂ ਨੇ 1992 ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਸਮੇਂ ਦੌਰਾਨ, ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਪ੍ਰਸਿੱਧੀ ਦਾ ਸਵਾਦ ਚੱਖਿਆ, ਜਦੋਂ ਉਨ੍ਹਾਂ ਨੇ ਆਪਣੀ ਆਡੀਓ ਕੈਸੇਟ ਜਾਰੀ ਕੀਤੀ। ਉਨ੍ਹਾਂ ਨੇ 1992 ਤੋਂ ਆਪਣਾ ਹਾਸਰਸ ਕਲਾਕਾਰ ਵੱਜੋਂ ਸਫ਼ਰ ਸ਼ੁਰੂ ਕੀਤਾ ਸੀ ਅਤੇ ਆਪਣਾ ਪਹਿਲਾ ਕਾਮੇਡੀ ਗੀਤ ‘ਗੋਭੀ ਦੀਏ ਕੱਚੀਏ ਵਪਾਰਨੇ’ ਗਾ ਕੇ ਵਾਹ-ਵਾਹੀ ਖੱਟੀ। ਉਨ੍ਹਾਂ 13 ਦੇ ਕਰੀਬ ਪੰਜਾਬੀ ਫਿਲਮਾਂ ’ਚ ਅਦਾਕਾਰੀ ਵੀ ਕੀਤੀ।

ਭਗਵੰਤ ਮਾਨ ਇੱਕ ਪ੍ਰਸਿੱਧ ਭਾਰਤੀ ਕਾਮੇਡੀਅਨ, ਅਦਾਕਾਰ ਅਤੇ ਸਿਆਸਤਦਾਨ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਉਹ ਇੱਕ ਪ੍ਰਸਿੱਧ ਕਾਮੇਡੀਅਨ ਸੀ, ਜੋ ਰੋਜ਼ਾਨਾ ਜੀਵਨ, ਰਾਜਨੀਤੀ ਅਤੇ ਸਮਾਜਿਕ ਮੁੱਦਿਆਂ 'ਤੇ ਹਾਸੇ-ਠੱਠੇ ਲਈ ਜਾਣੇ ਜਾਂਦੇ ਰਹੇ ਹਨ।

51 ਸਾਲ ਦੇ ਹੋਏ ਮੁੱਖ ਮੰਤਰੀ ਮਾਨ (ਸੋਸ਼ਲ ਮੀਡੀਆ)

ਕਾਮੇਡੀ ਕਿੰਗ ਤੋਂ ਸੰਸਦ ਮੈਂਬਰ ਅਤੇ ਫਿਰ ਮੁੱਖ ਮੰਤਰੀ ਬਣੇ ਭਗਵੰਤ ਮਾਨ

ਪੰਜਾਬੀ ਦੇ ਪ੍ਰਸਿੱਧ ਹਾਸਰਸ ਕਲਾਕਾਰ ਭਗਵੰਤ ਮਾਨ ਇੱਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਰਾਜਨੀਤੀ ਦੇ ਖੇਤਰ ’ਚ ਲਗਾਤਰ ਬੁਲੰਦੀਆਂ ਨੂੰ ਛੂੰਹਦੇ ਹੋਏ ਜਿੱਥੇ ਦੋ ਵਾਰ ਲੋਕ ਸਭਾ ਮੈਂਬਰ ਚੁਣਿਆ। ਇਸ ਤੋਂ ਬਾਅਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਦਾ ਤਾਜ ਵੀ ਭਗਵੰਤ ਮਾਨ ਦੇ ਸਿਰ ਸਜਾਇਆ। ਲੋਕ ਸਭਾ ਮੈਂਬਰ ਰਹਿੰਦੇ ਹੋਏ ਉਨ੍ਹਾਂ ਨੇ ਪੰਜਾਬ ਦੇ ਅਹਿਮ ਮਸਲਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਅਤੇ ਅੱਜ ਮੁੱਖ ਮੰਤਰੀ ਵੱਜੋਂ ਵੀ ਉਹਨਾਂ ਨੇ ਕਈ ਅਜਿਹੇ ਫੈਸਲੇ ਲਏ ਹਨ ਕਿ ਉਹਨਾਂ ਦੀ ਚਰਚਾ ਹਰ ਪਾਸੇ ਹੁੰਦੀ ਹੈ।

ਭਗਵੰਤ ਮਾਨ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਟੈਲੀਵਿਜ਼ਨ ਸ਼ੋਅ 'ਜੁਗਨੂੰ ਕਹਿੰਦਾ ਹੈ' ਅਤੇ 'ਜੁਗਨੂੰ ਮਸਤ ਮਸਤ ਨਾਲ' ਇੱਕ ਘਰੇਲੂ ਨਾਮ ਬਣ ਗਏ। ਭਗਵੰਤ ਮਾਨ ਖਾਸ ਕਰਕੇ ਆਪਣੇ ਸਿਆਸੀ ਚੁਟਕਲਿਆਂ ਲਈ ਜ਼ਿਆਦਾ ਜਾਣੇ ਜਾਂਦੇ ਸੀ। ਉਹ ਮਜ਼ਾਕ ਮਜ਼ਾਕ 'ਚ ਸਿਆਸਤਦਾਨਾਂ ਨੂੰ ਸ਼ੀਸ਼ਾ ਦਿਖਾ ਦਿੰਦੇ ਸੀ। ਸ਼ਾਇਦ ਇੱਕ ਸਾਫ ਸੁਥਰੀ ਸਿਆਸਤ ਦੇ ਖਿਆਲ ਨੇ ਮਾਨ ਦੇ ਮਨ 'ਚ ਇੱਥੋਂ ਹੀ ਜਨਮ ਲਿਆ ਹੋਵੇਗਾ। ਮਾਨ 2008 ਵਿੱਚ ਸਟਾਰ ਪਲੱਸ ਉੱਤੇ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿੱਚ ਹਿੱਸਾ ਲੈਣ ਤੋਂ ਬਾਅਦ ਕਾਮੇਡੀ ਦਾ ਨਿਰਵਿਵਾਦ ਬਾਦਸ਼ਾਹ ਬਣ ਗਿਆ। ਮਾਨ ਨੇ ਨੈਸ਼ਨਲ ਐਵਾਰਡ ਜੇਤੂ ਫਿਲਮ ''ਮੈਂ ਮਾਂ ਪੰਜਾਬ ਦੀ'' ''ਚ ਵੀ ਕੰਮ ਕੀਤਾ।

ਕਾਮੇਡੀ ਕਰੀਅਰ ਦੀਆਂ ਮੁੱਖ ਗੱਲਾਂ

  • - ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ (2008): ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ ਇਹ ਰਿਐਲਿਟੀ ਕਾਮੇਡੀ ਸ਼ੋਅ ਜਿੱਤਿਆ।
  • - ਕਾਮੇਡੀ ਨਾਈਟਸ ਵਿਦ ਕਪਿਲ (2013-2016): ਉਹ ਇੱਕ ਮਹਿਮਾਨ ਅਤੇ ਕਾਮੇਡੀਅਨ ਦੇ ਰੂਪ ਵਿੱਚ ਨਜ਼ਰ ਆਏ।
  • - ਹਸਦੇ ਹਸਦੇ ਰਹੋ (2011): ਮਾਨ ਨੇ ਇਸ ਪੰਜਾਬੀ ਕਾਮੇਡੀ ਸ਼ੋਅ ਦੀ ਮੇਜ਼ਬਾਨੀ ਕੀਤੀ।
  • - ਜੁਗਨੂੰ ਮਸਤੀ (2012): ਉਸਨੇ ਇਸ ਪੰਜਾਬੀ ਫਿਲਮ ਵਿੱਚ ਅਭਿਨੈ ਕੀਤਾ।

ਕਾਮੇਡੀ ਸ਼ੈਲੀ

ਮਾਨ ਦੀ ਕਾਮੇਡੀ ਇਸ 'ਤੇ ਕੇਂਦਰਿਤ ਹੈ

1. ਵਿਅੰਗ: ਉਹ ਰਾਜਨੀਤੀ ਅਤੇ ਸਮਾਜਿਕ ਮੁੱਦਿਆਂ 'ਤੇ ਟਿੱਪਣੀ ਕਰਨ ਲਈ ਹਾਸੇ ਦੀ ਵਰਤੋਂ ਕਰਦਾ ਹੈ।

2. ਨਿਰੀਖਣ ਵਾਲੀ ਕਾਮੇਡੀ: ਰੋਜ਼ਾਨਾ ਸਥਿਤੀਆਂ ਅਤੇ ਸੰਬੰਧਿਤ ਅਨੁਭਵ।

3. ਵਰਡਪਲੇ: ਤੇਜ਼ ਬੁੱਧੀ ਵਾਲੇ ਇਕ-ਲਾਈਨਰ ਅਤੇ ਹੁਸ਼ਿਆਰ ਭਾਸ਼ਾ।

ਫਿਲਮਾਂ 'ਚ ਅਜ਼ਮਾਈ ਕਿਸਮਤ

- ਖੇੜਾ (2009)

- ਏਕਮ - ਮਿੱਟੀ ਦਾ ਪੁੱਤਰ (2010)

- ਹੀਰ ਅਤੇ ਹੀਰੋ (2013)

- 22 ਜੀ ਤੁਸੀ ਘੈਂਟ ਹੋ (2015)

ਟੈਲੀਵਿਜ਼ਨ ਜ਼ਰੀਏ ਖੱਟੀ ਸ਼ੋਹਰਤ

  • - ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ (2008)
  • - ਕਾਮੇਡੀ ਨਾਈਟਸ ਵਿਦ ਕਪਿਲ (2013-2016)
  • - ਹੱਸਦੇ ਹਸਾਉਂਦੇ ਰਹੋ (2011)

ਅਭਿਨੇਤਾ ਤੋਂ ਨੇਤਾ ਵਿੱਚ ਤਬਦੀਲੀ:ਭਗਵੰਤ ਮਾਨ ਦਾ ਸਿਆਸੀ ਸਫ਼ਰ 2011 ’ਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਨਾਲੋਂ ਵੱਖ-ਵੱਖ ਹੋ ਕੇ ‘ਪੀਪਲਜ਼ ਪਾਰਟੀ ਆਫ ਪੰਜਾਬ’ (ਪੀਪੀਪੀ) ਬਣਾਈ ਸੀ, ਤਾਂ ਉਹ ਉਸ ਮਾਨ ’ਚ ਸ਼ਾਮਲ ਹੋ ਗਏ। ਪੀਪੀਪੀ ਦੀ ਟਿਕਟ ’ਤੇ ਉਨ੍ਹਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਹਿਰਗਾਗਾ ਹਲਕੇ ਤੋਂ ਕਾਂਗਰਸ ਦੀ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਚੋਣ ਲੜੀ ਪਰ ਹਾਰ ਗਏ। ਇਨ੍ਹਾਂ ਚੋਣਾਂ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਪੀਪੀਪੀ ਪਾਰਟੀ ਟੁੱਟ ਗਈ ਅਤੇ ਉਹ ਕਾਂਗਰਸ ’ਚ ਸ਼ਾਮਲ ਹੋਏ। ਜਦੋਂਕਿ ਭਗਵੰਤ ਮਾਨ 2014 ’ਚ ਨਵੀਂ ਬਣੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸੰਗਰੂਰ ਹਲਕੇ ਤੋਂ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ ਜਿੱਤ ਦਰਜ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜਲਾਲਾਬਾਦ ਹਲਕੇ ਤੋਂ ਚੋਣ ਲੜੀ ਪਰ ਹਾਰ ਗਏ।

ਸੰਸਦ ਮੈਂਬਰ ਤੋਂ ਮੁੱਖ ਮੰਤਰੀ ਦਾ ਸਫਰ

ਇਸ ਤੋਂ ਬਾਅਦ ਉਹਨਾਂ ਨੇ 2019 ਦੀਆਂ ਆਮ ਚੋਣਾਂ ਜਿੱਤੀਆਂ ਅਤੇ ਪੰਜਾਬ ਤੋਂ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਬਣੇ। ਭਾਵੇਂ ਸੂਬੇ 'ਚ ਹਰਮਨ ਪਿਆਰੇ ਮਾਨ 'ਤੇ ਭਾਜਪਾ ਆਗੂਆਂ ਨੇ ਸ਼ਰਾਬ ਪੀ ਕੇ ਸੰਸਦ 'ਚ ਭਾਸ਼ਣ ਦੇਣ ਦਾ ਇਲਜ਼ਾਮ ਲਾਇਆ ਸੀ। 2019 ਵਿੱਚ ਮਾਨ ਨੇ ਸ਼ਰਾਬ ਤੋਂ ਦੂਰ ਰਹਿਣ ਦਾ ਸੰਕਲਪ ਲਿਆ। ਇਸ ਵਿਚਾਲੇ ਵੀ ਓਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ। ਆਖਿਰ 2022 'ਚ ਉਹ ਸਮਾਂ ਵੀ ਆਇਆ ਜਦੋਂ ਪੰਜਾਬ ਲਈ ਭਗਵੰਤ ਮਾਨ ਦਾ ਪਿਆਰ ਅਤੇ ਸੇਵਾਭਾਵ ਰੰਗ ਲੈ ਕੇ ਆਇਆ। ਭਗਵੰਤ ਮਾਨ ਅਤੇ ਉਨ੍ਹਾਂ ਦੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜੀਆਂ ਅਤੇ 92 ਸੀਟਾਂ ਜਿੱਤ ਕੇ ਇਤਿਹਾਸ ਰਚਿਆ। ਆਪ ਉੱਤੇ ਭਗਵੰਤ ਮਾਨ ਦੀ ਹਨੇਰੀ ਇੰਨੀਂ ਤੇਜ਼ ਸੀ ਕਿ ਇਸ ਹਨੇਰੀ 'ਚ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਮਜ਼ਬੂਤ ਥੰਮ ਵੀ ਉੱਡਦੇ ਹੋਏ ਨਜ਼ਰ ਆਏ।

ਭਗਵੰਤ ਮਾਨ ਦੀ ਖ਼ਾਸ ਪੀਲੀ ਪੱਗ

ਭਗਵੰਤ ਮਾਨ ਨੂੰ ਅਕਸਰ ਪੀਲੀ ਪੱਗ ਬੰਨ ਕੇ ਦੇਖਿਆ ਜਾਂਦਾ ਹੈ। ਜਦੋਂ ਤੋਂ ਭਗਵੰਤ ਮਾਨ ਨੇ ਸਿਆਸਤ ਸ਼ੁਰੂ ਕੀਤੀ ਹੈ, ਉਦੋਂ ਤੋਂ ਉਨ੍ਹਾਂ ਨੂੰ ਸਿਰਫ਼ ਪੀਲੀ ਪੱਗ ਬੰਨ੍ਹੀ ਹੀ ਦੇਖਿਆ ਹੋਵੇਗਾ। ਦੱਸ ਦੇਈਏ ਕਿ ਇਸਦੇ ਪਿੱਛੇ ਇੱਕ ਖਾਸ ਕਾਰਨ ਹੈ। ਇਸ ਦਾ ਕਾਰਨ ਹੈ ਕਿ ਜਦੋਂ ਉਹ ਪਹਿਲੀ ਵਾਰ ਸੰਸਦ ਮੈਂਬਰ ਬਣੇ ਤਾਂ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਗਏ ਸਨ। ਉੱਥੇ ਉਨ੍ਹਾਂ ਕਿਹਾ ਸੀ ਕਿ ਲੋਕ ਸਭਾ ਵਿੱਚ ਜਿੱਥੇ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਬੰਬ ਸੁੱਟੇ ਗਏ ਸਨ, ਮੈਂ ਆਪਣੀ ਆਵਾਜ਼ ਬੁਲੰਦ ਕਰਦਾ ਰਹਾਂਗਾ ਅਤੇ ਪੀਲੀ ਰੰਗ ਦੀ ਪੱਗ ਬੰਨ੍ਹਦਾ ਰਹਾਂਗਾ। ਮਾਨ ਨੇ ਇਹ ਵੀ ਕਿਹਾ ਸੀ ਕਿ ਪੀਲੀ ਪੱਗ ਹੁਣ ਉਨ੍ਹਾਂ ਦੀ ਪਛਾਣ ਹੈ।

ਨਿੱਜੀ ਜ਼ਿੰਦਗੀ 'ਚ ਨਵੀਂ ਸ਼ੁਰੂਆਤ

51 ਸਾਲ ਦੇ ਭਗਵੰਤ ਮਾਨ ਨੇ ਜਿਥੇ ਸਿਆਸਤ ਦੇ ਸਫਰ 'ਚ ਨਵੀਂ ਸ਼ੁਰੂਆਤ ਕੀਤੀ ਉਥੇ ਹੀ ਉਹਨਾਂ ਵੱਲੋਂ ਆਪਣੇ ਵਿਆਹੁਤਾ ਜੀਵਨ ਦੀ ਨਵੀਂ ਸ਼ੁਰੂਆਤ ਕਰਕੇ ਵੀ ਚਰਚਾ ਬਟੋਰੀ,ਪਹਿਲੀ ਪਤਨੀ ਤੋਂ ਤਲਾਕ ਤੋਂ ਕਈ ਸਾਲਾਂ ਬਾਅਦ ਭਗਵੰਤ ਮਾਨ ਨੇ 7 ਜੁਲਾਈ 2022 ਨੂੰ ਚੰਡੀਗੜ੍ਹ ਵਿਖੇ ਡਾਕਟਰ ਗੁਰਪ੍ਰੀਤ ਕੌਰ ਨਾਲ ਦੁਜਾ ਵਿਆਹ ਕਰਵਾਇਆ। ਇਸ ਖੁਸ਼ੀ ਮੌਕੇ ਜਿਥੇ ਹਰ ਇਕ ਨੇ ਉਹਨਾਂ ਨੂੰ ਵਧਾਈ ਦਿੱਤੀ ਤਾਂ ਇਸ ਦੌਰਾਨ ਵਿਰੋਧੀਆਂ ਨੇ ਵੀ ਉਹਨਾਂ ਨੂੰ ਨਿਸ਼ਾਨੇ 'ਤੇ ਲਿਆ। ਇਸ ਤੋਂ ਬਾਅਦ ਉਹਨਾਂ ਦੇ ਘਰ ਕੁਝ ਮਹੀਨੇ ਪਹਿਲਾਂ ਧੀ ਨਿਆਮਤ ਨੇ ਜਨਮ ਲਿਆ। ਇਸ ਨਾਲ ਉਹ ਆਪਣੇ ਭਰੇ ਪੁਰੇ ਪਰਿਵਾਰ ਨਾਲ ਆਮ ਜ਼ਿੰਦਗੀ ਦਾ ਵੀ ਲੁਤਫ ਲੈ ਰਹੇ ਹਨ।

Last Updated : Oct 17, 2024, 5:22 PM IST

ABOUT THE AUTHOR

...view details