ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀਤਾ ਵੱਡਾ ਖੁਲਾਸਾ (ETV Bharat (ਰਿਪੋਰਟ- ਪੱਤਰਕਾਰ, ਤਰਨ ਤਾਰਨ)) ਤਰਨਤਾਰਨ:ਅੱਜ (3 ਜੁਲਾਈ) ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਦੇ ਨਾਲ ਮੀਟਿੰਗ ਤੋਂ ਬਾਅਦ ਸਾਂਝੀ ਕੀਤੀ ਗਈ ਤਸਵੀਰ ਅਤੇ ਜਾਣਕਾਰੀ ਦੇ ਨਾਲ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਦੇ ਸੌਂਹ ਚੁੱਕ ਸਮਾਗਮ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਹਾਲਾਂਕਿ ਇਸ ਸੰਬੰਧੀ ਲੋਕ ਸਭਾ ਦੇ ਸਪੀਕਰ ਜਾਂ ਫਿਰ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਹਾਲੇ ਤੱਕ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ, ਜਿਸ ਤੋਂ ਬਾਅਦ ਅਸੀਂ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਜੱਦੀ ਘਰ ਵਿੱਚ ਪਹੁੰਚ ਕੇ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਇਸ ਸੌਂਹ ਚੁੱਕ ਸਮਾਗਮ ਦਾ ਸੱਦਾ ਪੱਤਰ ਜਾਂ ਜਾਣਕਾਰੀ ਨਹੀਂ ਮਿਲੀ ਹੈ।
ਸਰਕਾਰ ਦੇ ਕਿਸੇ ਨੁਮਾਇੰਦੇ ਨੇ ਨਹੀਂ ਦਿੱਤੀ ਕੋਈ ਜਾਣਕਾਰੀ:ਪਿਤਾ ਤਰਸੇਮ ਸਿੰਘ ਕਿਹਾ ਕਿ ਉਕਤ ਜਾਣਕਾਰੀ ਸਾਨੂੰ ਮੀਡੀਆ ਰਿਪੋਰਟਾਂ ਰਾਹੀਂ ਮਿਲ ਰਹੀ ਹੈ ਅਤੇ ਇਸ ਦੇ ਨਾਲ ਹੀ ਐੱਮਪੀ ਸਰਬਜੀਤ ਸਿੰਘ ਖਾਲਸਾ ਵੱਲੋਂ ਪਾਈ ਗਈ ਪੋਸਟ ਤੋਂ ਬਾਅਦ ਉਹਨਾਂ ਨੂੰ ਕੁਝ ਹੱਦ ਤੱਕ ਆਸ ਹੈ ਕਿ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਲੋਕ ਸਭਾ ਦੇ ਵਿੱਚ ਸੌਂਹ ਚੁੱਕਣਗੇ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਚਾਰ ਦਿਨ ਦੀ ਪੈਰੋਲ ਮਿਲਣਾ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਸਰਕਾਰ ਨੂੰ ਇਸ ਦੇ ਉੱਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਵਿੱਚ ਵਿਚਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਸੈਸ਼ਨ ਦੇ ਵਿੱਚ ਇਸ ਹਲਕੇ ਦੀ ਆਵਾਜ਼ ਬੁਲੰਦ ਕਰ ਸਕਣ।
ਪੱਕੇ ਤੌਰ ਦੇ ਉੱਤੇ ਪੈਰੋਲ ਦੇਣ ਦੀ ਕੀਤੀ ਮੰਗ: ਇਸ ਦੇ ਨਾਲ ਹੀ ਬੀਤੇ ਦਿਨਾਂ ਤੋਂ ਉਨ੍ਹਾਂ ਦੇ ਦਿੱਲੀ ਜਾਣ ਦੀ ਚਰਚਾ ਸੰਬੰਧੀ ਸਥਿਤੀ ਸਪੱਸ਼ਟ ਕਰਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਨਿੱਜੀ ਤੌਰ ਦੇ ਉੱਤੇ ਦਿੱਲੀ ਜਾਇਆ ਜਾਣਾ ਸੀ, ਜਿਸ ਦੌਰਾਨ ਉਨ੍ਹਾਂ ਦਾ ਮਨ ਸੀ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ ਉਹ ਲੋਕ ਸਭਾ ਦੇ ਸਪੀਕਰ ਦੇ ਨਾਲ ਵਿਚਾਰ ਚਰਚਾ ਕਰਨ ਅਤੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਸੰਬੰਧੀ ਗੱਲਬਾਤ ਕਰ ਸਕਣ।
ਫਿਲਹਾਲ ਪਰਿਵਾਰਿਕ ਮੈਂਬਰਾਂ ਵੱਲੋਂ 5 ਜੁਲਾਈ ਨੂੰ ਕਥਿਤ ਤੌਰ 'ਤੇ ਹੋਣ ਜਾ ਰਹੇ ਅੰਮ੍ਰਿਤਪਾਲ ਸਿੰਘ ਦੇ ਸੌਂਹ ਚੁੱਕ ਸਮਾਗਮ ਸੰਬੰਧੀ ਅਣਜਾਣਤਾ ਪ੍ਰਗਟਾਈ ਗਈ ਹੈ ਅਤੇ ਨਾਲ ਹੀ ਚਾਰ ਦਿਨਾਂ ਦੀ ਪੈਰੋਲ ਦੇਣ ਦੀ ਬਜਾਏ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਪੈਰੋਲ ਦੇ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।