ਅੰਮ੍ਰਿਤਸਰ:ਸੰਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਗਿਆਨੀ ਰਘਵੀਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਇਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਬੰਧ ਵਿੱਚ ਲਏ ਜਾਣ ਵਾਲੇ ਫੈਸਲੇ ਸਬੰਧੀ ਆਪਣੇ ਵਿਚਾਰ ਪ੍ਰਗਟਾਏ ਗਏ ਹਨ। ਪੱਤਰ ਵਿੱਚ ਤਰਸੇਮ ਸਿੰਘ ਨੇ ਲਿਖਿਆ ਕਿ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਜੋ ਗਲਤੀਆਂ ਕੀਤੀਆਂ ਗਈਆਂ ਹਨ, ਉਹ ਮਹਿਜ਼ ਗਲਤੀਆਂ ਨਹੀਂ ਬਲਕਿ ਬਹੁਤ ਵੱਡੇ ਗੁਨਾਹ ਹਨ। ਉਸ ਨੂੰ ਲੈ ਕੇ ਮਾਫੀਆਂ ਲਈ ਜੋ ਵਿਚਾਰ ਹੋ ਰਿਹਾ ਸੀ ਉਸ ਨੂੰ ਲੈ ਕੇ ਅੱਜ ਅਸੀਂ ਇੱਥੇ ਪੁੱਜੇ ਹਾਂ, ਉਹਨਾਂ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਤੋਂ ਉਮੀਦ ਕਰਦੇ ਹਾਂ ਕਿ ਇਸ ਮਾਮਲੇ 'ਚ ਸੰਜੀਦਗੀ ਦੇ ਨਾਲ ਫੈਸਲਾ ਲੈਣਗੇ।
ਕੌਮ ਦੇ ਹਿੱਤ 'ਚ ਹੋਵੇ ਫੈਸਲਾ : ਜਥੇਦਾਰ ਸਾਹਿਬ ਜੋ ਵੀ ਫੈਸਲਾ ਲੈਣ ਉਹ ਪੰਥ ਨੂੰ ਮੁੱਖ ਰੱਖਦਿਆਂ ਹੀ ਲੈਣ। ਉਹਨਾਂ ਕਿਹਾ ਚਾਹੇ ਉਹ ਫੈਸਲਾ ਡੇਰਾ ਸਿਰਸਾ ਦੀ ਮੁਆਫੀ ਦਾ ਹੋਵੇ ਚਾਹੇ ਡੇਰੇ ਸਿਰਸੇ ਦੀ ਫਿਲਮ ਨੂੰ ਪ੍ਰਫੁੱਲਿਤ ਕਰਨਾ ਅਤੇ ਡੇਰਾਵਾਦ ਨੂੰ ਪ੍ਰਫੁੱਲਿਤ ਕਰਨਾ ਹੋਵੇ। ਬੇਅਦਬੀ ਅਤੇ ਗੋਲੀਕਾਂਡ ਵੀ ਇਹਨਾਂ ਦੀ ਸਰਕਾਰ ਵੇਲੇ ਹੋਇਆ ਸੀ। ਇਸ ਲਈ ਮੈਂ ਜਥੇਦਾਰ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਸੁਖਬੀਰ ਬਾਦਲ ਅਤੇ ਇਹਨਾਂ ਦੀ ਪਾਰਟੀ ਨੂੰ 10 ਸਾਲ ਲਈ ਰਾਜਸੀ ਅਤੇ ਧਾਰਮਿਕ ਤੌਰ 'ਤੇ ਲਾਂਭੇ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਜੱਥੇਦਾਰ ਨੂੰ ਪੰਥਕ ਰਵਾਇਤਾਂ ਅਨੁਸਾਰ ਹੀ ਫੈਸਲਾ ਲੈਣਾ ਚਾਹੀਦਾ ਹੈ, ਤਾਂ ਜੋ ਅਗਾਂਹ ਤੋਂ ਕੋਈ ਇਹੋ ਜਿਹੇ ਬਜਰ ਗੁਨਾਹ ਨਾ ਕਰ ਸਕੇ। ਉਹਨਾਂ ਕਿਹਾ ਕਿ ਜੋ ਸੰਗਤ ਦੇ ਵਿਚਾਰ ਹਨ ਜੋ ਸੰਗਤ ਨੇ ਅਪੀਲ ਕੀਤੀ ਹੈ ਉਹ ਅਸੀਂ ਇਸ ਮੰਗ ਪੱਤਰ ਵਿੱਚ ਲਿਖ ਕਿ ਜਥੇਦਾਰ ਨੂੰ ਦਿੱਤਾ ਹੈ। ਤਾਂ ਕਿ ਜਥੇਦਾਰ ਕੋਈ ਗਲਤ ਫੈਸਲਾ ਨਾ ਕਰ ਸਕਣ।