ਅਜ਼ਾਦੀ ਦੇ ਢਾਈ ਦਿਨਾਂ ਦਾ ਸੰਘਰਸ਼ (Etv Bharat) ਪਠਾਨਕੋਟ: ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ। ਆਜ਼ਾਦੀ ਮਿਲਦਿਆਂ ਹੀ ਦੇਸ਼ ਦੀ ਵੰਡ ਵੀ ਹੋ ਗਈ, ਜਿਸ ਕਾਰਨ ਲੱਖਾਂ ਲੋਕਾਂ ਨੂੰ ਆਪਣਾ ਵਸਾ-ਵਸਾਇਆ ਘਰ-ਬਾਰ ਛੱਡ ਕੇ ਦੂਜੀ ਜਗ੍ਹਾਂ ਵਸੇਬਾ ਕਰਨਾ ਪਿਆ। ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਭਾਰਤ ਦੇ 2 ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਭਾਰਤ ਪਾਕਿਸਤਾਨ 'ਚ ਹੋਈ ਵੰਡ ਤੋਂ ਬਾਅਦ ਪਾਕਿਸਤਾਨ 'ਚ ਚਲੇ ਗਏ ਸਨ, ਜਿਸ ਤੋਂ ਬਾਅਦ ਉਸ ਵੇਲੇ ਪਠਾਨਕੋਟ ਦੇ ਜੰਮਪਲ ਜਸਟਿਸ ਮੇਹਰਚੰਦ ਦੇ ਯਤਨਾਂ ਸਦਕਾ ਦੋਵੇਂ ਜ਼ਿਲ੍ਹੇ ਭਾਰਤ ਵਿੱਚ ਸ਼ਾਮਲ ਕਰ ਲਏ ਗਏ।
'ਸਾਨੂੰ ਮਾਣ ਹੈ ਕਿ ਅਸੀਂ ਉਸ ਪਰਿਵਾਰ ਦਾ ਹਿੱਸਾ ਹਾਂ':ਇਸ ਮੌਕੇ ਜਸਟਿਸ ਮੇਹਰ ਚੰਦ ਦੇ ਪੋਤਰੇ ਰਾਜੀਵ ਕਿਸ਼ਨ ਮਹਾਜਨ ਨੇ ਵੰਡ ਦੀ ਘਟਨਾ ਨੂੰ ਯਾਦ ਕਰਦਿਆਂ ਗੁਰਦਾਸਪੁਰ ਅਤੇ ਪਠਾਨਕੋਟ ਦੇ ਭਾਰਤ ਵਿੱਚ ਸ਼ਾਮਲ ਹੋਣ ਦੀਆਂ ਘਟਨਾਵਾਂ ਦਾ ਵਰਣਨ ਕੀਤਾ। ਉਨ੍ਹਾਂ ਕਿਹਾ, 'ਸਾਨੂੰ ਮਾਣ ਹੈ ਕਿ ਅਸੀਂ ਉਸ ਪਰਿਵਾਰ ਦਾ ਹਿੱਸਾ ਹਾਂ' ਜਿਸ ਨੇ ਪਾਕਿਸਤਾਨ ਤੋਂ ਭਾਰਤ ਦਾ ਹਿੱਸਾ ਵਾਪਸ ਲਿਆ। ਵੰਡ ਵੇਲੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਪਾਕਿਸਤਾਨ ਵਿੱਚ ਚਲੇ ਗਏ ਸਨ ਪਰ ਮੇਰੇ ਦਾਦਾ ਜੀ ਜਸਟਿਸ ਮੇਹਰ ਚੰਦ ਦੇ ਯਤਨਾਂ ਸਦਕਾ ਢਾਈ ਦਿਨਾਂ ਬਾਅਦ ਦੋਵੇਂ ਜ਼ਿਲ੍ਹੇ ਭਾਰਤ ਵਿੱਚ ਸ਼ਾਮਲ ਹੋ ਗਏ ਸਨ। ਇਸ ਦਾ ਐਲਾਨ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਰੇਡੀਓ ਰਾਹੀਂ ਕੀਤਾ ਸੀ।
17 ਅਗਸਤ ਨੂੰ ਪਾਕਿਸਤਾਨ ਤੋਂ ਮੁਕਤ ਹੋਏ ਪਠਾਨਕੋਟ ਅਤੇ ਗਰੁਦਾਸਪੁਰ: ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 77 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਦੇਸ਼ ਦੀ ਵੰਡ ਦੇ ਜ਼ਖ਼ਮ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ। ਪੰਜਾਬ ਦੇ ਪਠਾਨਕੋਟ 'ਚ ਪਾਕਿਸਤਾਨ ਸਰਹੱਦ ਨੇੜੇ ਰਹਿੰਦੇ ਰਤਨ ਚੰਦ ਨੇ ਆਜ਼ਾਦੀ ਦੇ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, 'ਵੰਡ ਤੋਂ ਬਾਅਦ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਪਾਕਿਸਤਾਨ ਦੇ ਕਬਜ਼ੇ ਹੇਠ ਆ ਗਏ। ਇਹ ਇਲਾਕਾ ਕਰੀਬ ਢਾਈ ਦਿਨ ਤੱਕ ਪਾਕਿਸਤਾਨ ਦੇ ਕਬਜ਼ੇ ਹੇਠ ਰਿਹਾ ਅਤੇ ਇਸ ਤੋਂ ਬਾਅਦ 17 ਅਗਸਤ ਨੂੰ ਮੁੜ ਭਾਰਤ ਵਿੱਚ ਸ਼ਾਮਲ ਕਰ ਲਿਆ ਗਿਆ।
ਉਸ ਨੇ ਦੱਸਿਆ ਕਿ ਵੰਡ ਵੇਲੇ ਉਹ ਬਹੁਤ ਛੋਟਾ ਸੀ ਪਰ ਉਸ ਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਪਾਕਿਸਤਾਨ ਵਿਚ ਚਲੇ ਗਏ ਸਨ ਅਤੇ ਉਸ ਸਮੇਂ ਪਠਾਨਕੋਟ ਦੇ ਰਹਿਣ ਵਾਲੇ ਜਸਟਿਸ ਮੇਹਰ ਚੰਦ ਨੇ ਦੋਵਾਂ ਜ਼ਿਲ੍ਹਿਆਂ ਨੂੰ ਭਾਰਤ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਨੂੰ ਇਸ ਬਾਰੇ ਰੇਡੀਓ 'ਤੇ ਐਲਾਨ ਤੋਂ ਜਾਣਕਾਰੀ ਮਿਲੀ ਸੀ।
ਮੇਹਰ ਚੰਦ ਮਹਾਜਨ ਭਾਰਤ ਦੇ ਤੀਜੇ ਚੀਫ਼ ਜਸਟਿਸ ਸਨ: ਤੁਹਾਨੂੰ ਦੱਸ ਦੇਈਏ ਕਿ ਜਸਟਿਸ ਮੇਹਰ ਚੰਦ ਮਹਾਜਨ ਭਾਰਤ ਦੇ ਤੀਜੇ ਚੀਫ਼ ਜਸਟਿਸ ਸਨ। ਇਸ ਤੋਂ ਪਹਿਲਾਂ ਉਹ ਮਹਾਰਾਜਾ ਹਰੀ ਸਿੰਘ ਦੇ ਰਾਜ ਦੌਰਾਨ ਜੰਮੂ ਅਤੇ ਕਸ਼ਮੀਰ ਰਾਜ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।