ਵਿਦੇਸ਼ੋਂ ਪਰਤ ਔਰਤਾਂ ਨੇ ਢਾਬਾ ਖੋਲ੍ਹਿਆ (ETV Bharat) ਬਠਿੰਡਾ: ਪੰਜਾਬ ਦੇ ਨੌਜਵਾਨ ਜਿੱਥੇ ਰੁਜ਼ਗਾਰ ਦੀ ਤਲਾਸ਼ ਵਿੱਚ ਲਗਾਤਾਰ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਕਈ ਤਾਂ ਸਕੂਲ ਵਿੱਚ ਪੜ੍ਹਦੇ ਹੀ ਤੈਅ ਕਰ ਲੈਂਦੇ ਹਨ ਕਿ ਉਹ ਆਪਣਾ ਭੱਵਿਖ ਵਿਦੇਸ਼ ਵਿੱਚ ਜਾ ਕੇ ਬਣਾਉਂਗੇ, ਤਾਂ ਕਈਆਂ ਨੂੰ ਘਰ ਦੀਆਂ ਆਰਥਿਕ ਤੰਗੀਆਂ ਵਿਦੇਸ਼ ਜਾਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਹਾਲਾਂਕਿ, ਵਿਦੇਸ਼ ਜਾਣ ਦੀ ਸੋਚ ਰੱਖਣਾ ਗ਼ਲਤ ਨਹੀਂ ਹੈ, ਪਰ ਵਿਦੇਸ਼ ਜਾਣ ਤੋਂ ਬਾਅਦ ਉੱਥੋ ਦੇ ਹਾਲਾਤਾਂ ਨਾਲ ਲੜਨਾ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਇਨ੍ਹਾਂ ਸਭ ਦੇ ਵਿੱਚ ਵਿਦੇਸ਼ ਗਏ ਨੌਜਵਾਨਾਂ ਦੇ ਪਰਿਵਾਰ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ।
ਵਿਦੇਸ਼ ਤੋਂ ਪਰਤ ਕੇ ਖੋਲ੍ਹਿਆ ਢਾਬਾ:ਉਥੇ ਹੀ ਬਠਿੰਡਾ ਦੀਆਂ ਦੋ ਸਹੇਲੀਆਂ ਨੇ ਵਿਦੇਸ਼ ਤੋਂ ਭਾਰਤ ਪਰਤ ਕੇ ਆਪਣਾ ਰੁਜ਼ਗਾਰ ਸ਼ੁਰੂ ਕੀਤਾ ਹੈ। ਗੁਰਪ੍ਰੀਤ ਉਰਫ਼ ਗਗਨ ਅਤੇ ਮਨਰਾਜ ਕੌਰ ਜੋ ਕਿ ਵਿਦੇਸ਼ ਵਿੱਚ ਕਲੀਨਿੰਗ ਦਾ ਕੰਮ ਕਰਦੀਆਂ ਸਨ। ਗਗਨ ਦੁਬਈ ਅਤੇ ਮਨਰਾਜ ਮਲੇਸ਼ੀਆ ਵਿੱਚ ਕਰੀਬ ਡੇਢ ਸਾਲ ਪਹਿਲਾਂ ਗਈਆਂ ਸਨ। ਵਿਦੇਸ਼ ਦੀ ਚਮਕ ਦਮਕਣ ਨੂੰ ਛੱਡ ਕੇ ਭਾਰਤ ਪਰਤੀਆਂ ਦੋਨਾਂ ਸਹੇਲੀਆਂ ਵੱਲੋਂ ਬਠਿੰਡਾ ਦੇ ਰਿੰਗ ਰੋਡ ਉੱਪਰ ਇੱਕ ਛੋਟਾ ਜਿਹਾ ਢਾਬਾ ਖੋਲ੍ਹਿਆ ਗਿਆ ਹੈ। ਇਸ ਮੌਕੇ ਗਗਨ ਅਤੇ ਮਨਰਾਜ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਦੇਸ਼ ਦੀ ਚਮਕਦਮਕ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕੀਤਾ ਸੀ ਅਤੇ ਉਹ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਗਈਆਂ ਸਨ। ਵਿਦੇਸ਼ ਵਿੱਚ ਪੈਸਾ ਜਰੂਰ ਚੰਗਾ ਬਣਦਾ ਹੈ ਪਰ ਮਾਂ ਪਿਓ ਅਤੇ ਬੱਚਿਆਂ ਤੋਂ ਦੂਰ ਹੋਣਾ ਪੈਂਦਾ ਹੈ। ਜਿਨਾਂ ਦੀ ਚਿੰਤਾ ਹਰ ਸਮੇਂ ਬਣੀ ਰਹਿੰਦੀ ਹੈ।
'ਲੋਕ ਕੀ ਕਹਿਣਗੇ':ਵਿਦੇਸ਼ ਵਿੱਚ ਕਾਨੂੰਨ ਅਤੇ ਸੁਖ ਸਹੂਲਤਾਂ ਭਾਰਤ ਨਾਲੋਂ ਚੰਗੀਆਂ ਹਨ ਪਰ ਆਪਣੀ ਧਰਤੀ ਆਪਣੀ ਧਰਤੀ ਹੁੰਦੀ ਹੈ। ਭਾਰਤ ਵਿੱਚ ਰਹਿ ਕੇ ਭਾਵੇਂ ਉਹਨਾਂ ਨੂੰ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ ਪਰ ਵਿਦੇਸ਼ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਹੱਥੀ ਮਿਹਨਤ ਕਰਨੀ ਪਵੇਗੀ। ਇਸ ਦੇ ਚਲਦਿਆਂ ਉਹਨਾਂ ਵੱਲੋਂ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਨ ਦਾ ਸੋਚਿਆ ਅਤੇ ਭਾਰਤ ਵਾਪਸ ਪਰਤੀਆਂ ਹਨ। ਉਹਨਾਂ ਕਿਹਾ ਕਿ ਆਪਣੇ ਸਭ ਤੋਂ ਵੱਡਾ ਰੋਗ ਹੈ ਕਿ 'ਕੀ ਕਹਿਣਗੇ ਲੋਕ'ਜੇਕਰ ਲੋਕ ਇਹਨਾਂ ਚੀਜ਼ਾਂ ਨੂੰ ਛੱਡ ਕੇ ਭਾਰਤ ਵਿੱਚ ਰਹਿ ਕੇ ਰੁਜ਼ਗਾਰ ਕਰਨ ਤਾਂ ਉਹ ਜਰੂਰ ਕਾਮਯਾਬ ਹੋਣਗੇ ਕਿਉਂਕਿ ਵਿਦੇਸ਼ ਦੇ ਵਿੱਚ ਇੱਕ ਸਭ ਤੋਂ ਵਧੀਆ ਗੱਲ ਇਹ ਹੈ ਕਿ ਉੱਥੇ ਕੋਈ ਕਿਸੇ ਬਾਰੇ ਨਹੀਂ ਸੋਚਦਾ ਕਿ ਉਹ ਕੀ ਕਰਦਾ ਹੈ ਜਾਂ ਉਹ ਵੱਧ ਪੈਸੇ ਕਮਾਉਂਦਾ ਹੈ ਜਾਂ ਘੱਟ ਪੈਸੇ ਕਮਾਉਂਦਾ ਹੈ।
'ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ':ਉਹਨਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ ਕਿਉਂਕਿ ਵਿਦੇਸ਼ ਦੇ ਵਿੱਚ ਵੀ ਹੁਣ ਰੁਜ਼ਗਾਰ ਦੇ ਵਸੀਲੇ ਲਗਾਤਾਰ ਘਟ ਰਹੇ ਹਨ ਅਤੇ ਬੱਚੇ ਗਲਤ ਰਾਹਾਂ 'ਤੇ ਪੈ ਰਹੇ ਹਨ, ਜਿਸ ਕਾਰਨ ਮਾਪੇ ਵੀ ਪਰੇਸ਼ਾਨ ਹੁੰਦੇ ਹਨ ਅਤੇ ਬੱਚਿਆਂ ਦਾ ਭਵਿੱਖ ਵੀ ਦਾਅ ਲੱਗਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬ ਵਿੱਚ ਹੀ ਰਹਿ ਕੇ ਕੋਈ ਨਾ ਕੋਈ ਰੁਜ਼ਗਾਰ ਤੋਰ ਕੇ ਦੇਣ ਤਾਂ ਜੋ ਦੇਸ਼ ਦੀ ਤਰੱਕੀ ਵਿੱਚ ਉਹ ਵੀ ਆਪਦਾ ਬਣਦਾ ਯੋਗਦਾਨ ਪਾ ਸਕਣ। ਵਿਦੇਸ਼ ਸੋਹਣਾ ਜਰੂਰ ਹੈ ਪਰ ਵਿਦੇਸ਼ ਵਿੱਚ ਸ਼ਾਂਤੀ ਨਹੀਂ ਕਿਉਂਕਿ ਉਥੋਂ ਹਰ ਕੋਈ ਵਿਅਕਤੀ ਮਸ਼ੀਨ ਬਣ ਕੇ ਹੀ ਪਰਤਦਾ ਹੈ ਪਰ ਆਪਣੇ ਦੇਸ਼ ਵਿੱਚ ਰਹਿ ਕੇ ਤੁਸੀਂ ਆਪਣਾ ਰੁਜ਼ਗਾਰ ਕਰੋਗੇ ਤਾਂ ਤੁਸੀਂ ਖੁਦ ਮਾਲਕ ਹੋਵੋਗੇ ਅਤੇ ਤੁਸੀਂ ਆਪਣੇ ਹਿਸਾਬ ਨਾਲ ਕੰਮ ਕਰੋਗੇ ਜਿੰਨਾ ਜਿਆਦਾ ਸਮਾਂ ਆਪਣੇ ਰੁਜ਼ਗਾਰ ਨੂੰ ਦਿਓਗੇ, ਉਨਾਂ ਵੱਧ ਤੁਸੀਂ ਉਸ ਨੂੰ ਕਾਮਯਾਬ ਕਰ ਸਕੋਗੇ।