ਲੁਧਿਆਣਾ: ਅਕਤੂਬਰ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਾਲੇ ਤੱਕ ਮੌਸਮ ਵਿੱਚ ਕੋਈ ਬਹੁਤੀ ਵੱਡੀ ਤਬਦੀਲੀ ਵੇਖਣ ਨੂੰ ਨਹੀਂ ਮਿਲ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਮੁਤਾਬਿਕ ਦਿਨ ਦਾ ਤਾਪਮਾਨ 32 ਡਿਗਰੀ ਦੇ ਨੇੜੇ ਅਤੇ ਰਾਤ ਦਾ 20 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਜ਼ਿਆਦਾ ਹੈ।
ਨਹੀਂ ਸ਼ੁਰੂ ਹੋਈ ਠੰਢ,ਤਾਪਮਾਨ ਹੁਣ ਵੀ ਗਰਮ (ETV BHARAT PUNJAB (ਰਿਪੋਟਰ,ਲੁਧਿਆਣਾ)) ਤਾਪਮਾਨ ਨੇ ਤੋੜਿਆ ਪੰਜ ਦਹਾਕਿਆਂ ਦਾ ਰਿਕਾਰਡ
28 ਅਕਤੂਬਰ ਦੇ ਤਾਪਮਾਨ ਦੀ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਰਾਤ ਦਾ ਘੱਟ ਤੋਂ ਘੱਟ 20.6 ਡਿਗਰੀ ਰਿਹਾ ਹੈ ਜੋ ਕਿ 1950 ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦਾ ਹੈ। 1950 ਵਿੱਚ ਇਹ 20.3 ਡਿਗਰੀ ਸੀ ਅਤੇ ਹੁਣ 2024 ਦੇ ਵਿੱਚ ਇਹ ਤਾਪਮਾਨ ਇੰਨਾ ਵਧਿਆ ਹੈ ਜਿਸ ਤੋਂ ਸਾਫ ਹੈ ਕਿ ਮੌਸਮ ਵਿੱਚ ਅਕਤੂਬਰ ਮਹੀਨੇ ਤੱਕ ਜੋ ਤਬਦੀਲੀਆਂ ਆਉਣੀਆਂ ਚਾਹੀਦੀਆਂ ਸਨ ਉਹ ਹਾਲੇ ਤੱਕ ਨਹੀਂ ਹੋ ਸਕੀਆਂ ਹਨ। ਹਾਲਾਂਕਿ ਦਿਨ ਦੇ ਪਾਰੇ ਵਿੱਚ 2 ਡਿਗਰੀ ਤੱਕ ਦਾ ਫ਼ਰਕ ਹੈ। ਆਉਂਦੇ ਦਿਨਾਂ ਵਿੱਚ ਵੀ ਮੌਸਮ ਖੁਸ਼ਕ ਰਹੇਗਾ। ਕਣਕ ਦੇ ਬੀਜਣ ਲਈ ਸਮਾਂ ਠੀਕ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਅਸਮਾਨ ਵਿੱਚ ਪ੍ਰਦੂਸ਼ਣ ਜ਼ਿਆਦਾ ਹੋ ਜਾਂਦਾ ਹੈ ਉਸ ਵੇਲੇ ਤਾਪਮਾਨ ਜ਼ਿਆਦਾ ਰਹਿੰਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫਿਲਹਾਲ ਕੋਈ ਬਰਸਾਤ ਦੀ ਉਮੀਦ ਨਹੀਂ ਹੈ।
ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਲਈ ਮੌਸਮ ਵਧੀਆ
ਮੌਸਮ ਵਿਗਿਆਨੀਆਂ ਨੇ ਕਿਹਾ ਕਿ ਰਾਤ ਦਾ ਪਾਰਾ ਵਧਣ ਦੇ ਕਾਰਨ ਇਹੀ ਹੈ ਕਿ ਮੌਸਮ ਸਾਫ ਨਹੀਂ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਵਾਢੀ ਚੱਲ ਰਹੀ ਹੈ। ਪੰਜਾਬ ਦੇ ਵਿੱਚ ਫਿਲਹਾਲ ਆਉਂਦੇ ਚਾਰ ਪੰਜ ਦਿਨ ਤੱਕ ਕਿਤੇ ਵੀ ਕੋਈ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਕਿਸਾਨਾਂ ਕੋਲ ਸਮਾਂ ਹੈ ਉਹ ਆਪਣੀ ਝੋਨੇ ਦੀ ਫਸਲ ਸਮੇਂ ਸਿਰ ਵੱਢ ਸਕਦੇ ਹਨ। ਇਹਨਾਂ ਦਿਨਾਂ ਦੇ ਵਿਚਕਾਰ ਆਮ ਤੌਰ ਉੱਤੇ ਰਾਤ ਦਾ ਤਾਪਮਾਨ 14 ਡਿਗਰੀ ਦੇ ਨੇੜੇ ਜਦੋਂ ਕਿ ਦਿਨ ਦਾ 30 ਡਿਗਰੀ ਦੇ ਨੇੜੇ ਹੋਣਾ ਚਾਹੀਦਾ ਹੈ ਜੋ ਕਿ ਆਮ ਨਾਲੋਂ ਫਿਲਹਾਲ ਜ਼ਿਆਦਾ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ ਇਸੇ ਤਰ੍ਹਾਂ ਮੌਸਮ ਫਿਲਹਾਲ ਬਰਕਰਾਰ ਰਹੇਗਾ।