ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਖੇਡ ਪ੍ਰੇਮੀਆਂ ਲਈ ਵੱਡੀ ਖੁਸ਼ੀ ਖਬਰੀ ਸਾਹਮਣੇ ਆਈ ਹੈ। ਜਿਥੇ ਪੰਜਾਬ ਦੇ ਨੌਜਵਾਨ ਨੂੰ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ। ਦਰਅਸਲ ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਨੂੰ ਜ਼ਿੰਮਬਾਵੇ ਦੌਰੇ ਲਈ ਬੀਸੀਸੀਆਈ ਵੱਲੋਂ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਚੁਣਿਆ ਗਿਆ ਹੈ ਅਤੇ ਹੁਣ ਅਭਿਸ਼ੇਕ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨਗੇ। ਉਥੇ ਹੀ ਅਭਿਸ਼ੇਕ ਦੀ ਚੋਣ ਤੋਂ ਬਾਅਦ ਉਹਨਾਂ ਦੇ ਪਿਤਾ ਰਾਜਕੁਮਾਰ ਸ਼ਰਮਾ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਭਿਸ਼ੇਕ ਨੂੰ ਭਾਰਤੀ ਟੀਮ ਵਿਚ ਥਾਂ ਮਿਲਣ ਮਗਰੋਂ ਪਰਿਵਾਰ ਕਾਫੀ ਖੁਸ਼ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ ਵਲੋਂ ਵਧਾਈ ਸੰਦੇਸ਼ ਵੀ ਮਿਲ ਰਹੇ ਹਨ। ਪਰਿਵਾਰ ਨੇ ਦੱਸਿਆ ਕਿ ਅਭਿਸ਼ੇਕ ਜੁਲਾਈ ਵਿੱਚ ਭਾਰਤੀ ਟੀਮ ਜਿੰਬਾਬਵੇ ਟੀਮ ਦੇ ਨਾਲ ਪੰਜ ਟੀ-20 ਖੇਡੇਗੀ, ਜਿਸ ਵਿੱਚ ਅਭਿਸ਼ੇਕ ਸ਼ਰਮਾ ਨੂੰ ਵੀ ਚੁਣਿਆ ਗਿਆ ਹੈ।
ਮਿਹਨਤ ਨੂੰ ਮਿਲਿਆ ਫੱਲ: ਕਾਬਿਲੇਗੌਰ ਹੈ ਕਿ ਆਈਪੀਐਲ ਵਿੱਚ ਅਭਿਸ਼ੇਕ ਸ਼ਰਮਾ ਸਨਰਾਈਜ਼ਰ ਹੈਦਰਾਬਾਦ ਦੀ ਟੀਮ ਵੱਲੋਂ ਖੇਡਦੇ ਹਨ। ਆਈਪੀਐਲ ਵਿੱਚ ਵੀ ਮਹਾਨ ਕ੍ਰਿਕਟਰ ਵਿਰਾਟ ਕੋਹਲੀ ਦਾ ਛੱਕਿਆ ਦਾ ਰਿਕਾਰਡ ਅਭਿਸ਼ੇਕ ਸ਼ਰਮਾ ਨੇ ਤੋੜਿਆ ਸੀ। ਅਭਿਸ਼ੇਕ ਸ਼ਰਮਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇੱਕ ਦਿਨ ਉਨ੍ਹਾਂ ਦਾ ਪੁੱਤਰ ਜ਼ਰੂਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਖੇਡੇਗਾ ਤੇ ਭਾਰਤ ਦਾ ਨਾਮ ਰੌਸ਼ਨ ਕਰੇਗਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਵੀ ਬੱਚਿਆ ਨੂੰ ਕ੍ਰਿਕੇਟ ਦੀ ਟ੍ਰੇਨਿੰਗ ਦਿੰਦੇ ਹਨ। ਉਹਨਾਂ ਕਿਹਾ ਕਿ ਅੱਜ ਮੇਰੇ ਪੁੱਤਰ ਦੀ ਮਿਹਨਤ ਨੂੰ ਫੱਲ ਮਿਲਿਆ ਹੈ ਮੈ ਉਮੀਦ ਕਰਦਾ ਹਾਂ ਕਿ ਹੋਰ ਵੀ ਬੱਚੇ ਮਿਹਨਤ ਕਰਕੇ ਇਹ ਮੁਕਾਮ ਹਾਸਿਲ ਕਰਨਗੇ।
ਅਭਿਸ਼ੇਕ ਦੇ ਪਿਤਾ ਨੇ ਦੱਸਿਆ ਕਿ ਉਸਨੇ ਅੰਮ੍ਰਿਤਸਰ ਤੋਂ ਹੀ ਸ਼ੁਰੂਆਤ ਕੀਤੀ ਸੀ ਅਤੇ ਉਹ ਅੰਮ੍ਰਿਤਸਰ ਗਾਂਧੀ ਗਰਾਊਂਡ 'ਚ ਖੇਡਦਾ ਰਿਹਾ ਹੈ ।ਉਹਨਾਂ ਕਿਹਾ ਕਿ ਜਿੱਦਾਂ ਜਿੱਦਾਂ ਅਭਿਸ਼ੇਕ ਵੱਡਾ ਹੁੰਦਾ ਰਿਹਾ ਉਹਦੇ ਨਾਲ ਵੱਡੇ ਪਲੇਅਰ ਤੇ ਕੋਚ ਜੁੜਦੇ ਰਹੇ। ਉਸ ਨੇ 6 ਅਕਤੂਬਰ 2017 ਨੂੰ 2017-18 ਰਣਜੀ ਟਰਾਫੀ ਵਿੱਚ ਪੰਜਾਬ ਲਈ ਆਪਣਾ ਪਹਿਲੀ ਸ਼੍ਰੇਣੀ ਕ੍ਰਿਕਟ ਮੈਚ ਖੇਡਿਆ। ਬਾਅਦ ਵਿੱਚ ਉਸ ਨੂੰ ਨਿਊਜ਼ੀਲੈਂਡ ਵਿੱਚ ਆਯੋਜਿਤ 2018 ਦੇ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਅਭਿਸ਼ੇਕ ਨੇ ਆਪਣੇ ਆਈਪੀਐਲ ਦੀ ਸ਼ੁਰੂਆਤ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੇ ਖਿਲਾਫ 46 ਦੌੜਾਂ ਦੀ ਅਜੇਤੂ ਪਾਰੀ ਖੇਡੀ।