ਇਲੈਕਟ੍ਰਿਕ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ (Etv Bharat (ਪੱਤਰਕਾਰ, ਬਠਿੰਡਾ)) ਬਠਿੰਡਾ:ਬਠਿੰਡਾ ਦੇ ਬੀਬੀ ਵਾਲਾ ਰੋਡ 'ਤੇ ਆਰ ਕੇ ਦਰਸ਼ਨ ਇਲੈਕਟ੍ਰਿਕ ਦੁਕਾਨ 'ਤੇ ਬੀਤੀ ਦੇ ਰਾਤ ਕਰੀਬ 1 ਵਜੇ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਪਹੁੰਚਿਆ। ਤਿੰਨ ਮੰਜ਼ਲਾਂ ਇਲੈਕਟਰਿਕ ਦੁਕਾਨ ਵਿੱਚ ਤੇਜ਼ੀ ਨਾਲ ਫੈਲੀ ਅੱਗ ਕਾਰਨ ਸਮਾਨ ਸੜ ਕੇ ਸਵਾਹ ਹੋ ਗਿਆ। ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ ਲਈ ਐਨਐਫਐਲ ਭੁੱਚੋ ਮੰਡੀ ਅਤੇ ਹੋਰਨਾਂ ਕਸਬਿਆ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ।
ਅੱਗ 'ਤੇ ਕਾਬੂ ਪਾਇਆ: ਫਾਇਰ ਬ੍ਰਿਗੇਡ ਅਫਸਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਬੀਬੀ ਵਾਲਾ ਰੋਡ ਸਥਿਤ ਆਰ ਕੇ ਦਰਸ਼ਨ ਇਲੈਕਟ੍ਰਿਕ ਦੁਕਾਨ 'ਤੇ ਅੱਗ ਲੱਗੀ ਹੈ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਭਿਆਨਕ ਸੀ ਕਿ ਉਨ੍ਹਾਂ ਵੱਲੋਂ ਐਨਐਫਐਲ ਅਤੇ ਹੋਰਨਾਂ ਕਸਬਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ।
ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ : ਉਨ੍ਹਾਂ ਦੱਸਿਆ ਕਿ 50 ਤੋਂ 60 ਗੱਡੀਆਂ ਹੁਣ ਤੱਕ ਪਾਣੀ ਦੀਆਂ ਆ ਚੁੱਕੀਆਂ ਹਨ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਅਜੇ ਵੀ ਦੁਕਾਨ ਵਿੱਚੋਂ ਧੂਆਂ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚ ਅੱਗ ਬੁਝਾਉਣ ਲਈ ਕੋਈ ਵੀ ਜੰਤਰ ਨਹੀਂ ਲਗਾਇਆ ਗਿਆ ਸੀ। ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਟਰੈਫਿਕ ਨੂੰ ਡਾਇਵਰਟ ਕੀਤਾ : ਉੱਧਰ ਮੌਕੇ 'ਤੇ ਪਹੁੰਚੇ ਐਸਐਚਓ ਸਿਵਲ ਲਾਈਨ ਹਰਜੋਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦੀ ਹੀ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਟਰੈਫਿਕ ਨੂੰ ਡਾਇਵਰਟ ਕੀਤਾ ਹੈ। ਲਗਾਤਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਲਈ ਯਤਨ ਕੀਤੇ ਗਏ ਸਨ, ਪਰ ਅੱਗ ਭਿਆਨਕ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਰਨਾਂ ਕਸਬਿਆਂ ਅਤੇ ਐਨਐਫਐਲ ਦੇ ਨਾਲ-ਨਾਲ ਐਨਡੀਆਰਐਫ ਦੀ ਮਦਦ ਵੀ ਲਈ ਗਈ ਸੀ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਹੈ, ਪਰ ਦੁਕਾਨ ਵਿੱਚੋਂ ਧੂਆਂ ਹਾਲੇ ਵੀ ਨਿਕਲ ਰਿਹਾ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਇਹ ਭਿਆਨਕ ਅੱਗ ਕਿਸ ਤਰ੍ਹਾਂ ਲੱਗੀ ਹੈ।