ਬਠਿੰਡਾ :ਝੋਨੇ ਦੀ ਵਾਢੀ ਦਾ ਸੀਜ਼ਨ ਜਾਰੀ ਹੈ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਪੰਜਾਬ ਦੀ ਕਿਸਾਨੀ ਰੁਲ ਰਹੀ ਹੈ। ਪੰਜਾਬ ਸਰਕਾਰ ਖੁਦ ਕਿਸਾਨਾਂ ਦੀ ਹਤੈਸ਼ੀ ਸਰਕਾਰ ਕਹਾਉਣ ਦੇ ਦਾਅਵੇ ਕਰਦੀ ਸੀ ਅਤੇ ਕਿਸਾਨਾਂ ਦੀ ਫਸਲ ਦਾ ਮੰਡੀਆਂ ਵਿੱਚੋਂ ਦਾਣਾ ਦਾਣਾ ਚੁੱਕਣ ਦਾ ਦਾਅਵਾ ਕਰ ਰਹੀ ਸੀ, ਪਰ ਅਜਿਹਾ ਨਹੀਂ ਹੋ ਰਿਹਾ, ਕਿਸਾਨਾਂ ਦੀ ਫਸਲ ਹਾਲੇ ਵੀ ਮੰਡੀਆਂ ਵਿੱਚ ਹੀ ਰੁਲ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਅਤੇ ਪੰਜਾਬ ਸਰਕਾਰ ਵਿੱਚ ਚੱਲਿਆ ਰੇੜਕਾ ਅੱਜ ਤਿੱਖੇ ਟਕਰਾ ਵਿੱਚ ਬਦਲ ਗਿਆ।
ਪੁਲਿਸ ਅਤੇ ਕਿਸਾਨਾਂ ਵਿਚਕਾਰ ਤਿੱਖੀ ਝੜਪ (ETV Bharat (ਪੱਤਰਕਾਰ , ਬਠਿੰਡਾ)) ਝੜਪ ਨੇ ਧਾਰਿਆ ਖੂਨੀ ਰੂਪ
ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿਖੇ ਝੋਨੇ ਦੀ ਖਰੀਦ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਵਿੱਚ ਤਿੱਖੀ ਝੜਪ ਦੇਖਣ ਨੁੰ ਮਿਲੀ ਹੈ। ਕਿਸਾਨਾਂ ਵੱਲੋਂ ਪਿੰਡ ਰਾਏਕੇ ਕਲਾਂ ਦੀ ਅਨਾਜ ਮੰਡੀ ਵਿੱਚ ਅਣਮੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ। ਪੁਲਿਸ ਅਤੇ ਕਿਸਾਨਾਂ ਵੱਲੋਂ ਇੱਕ ਦੂਸਰੇ ਉੱਤੇ ਡਾਂਗਾਂ ਵਰਾਈਆਂ ਗਈਆਂ ਅਤੇ ਰੋੜੇ ਵੀ ਚਲਾਏ ਗਏ ਹਨ। ਦੇਖਦੇ ਹੀ ਦੇਖਦੇ ਇਸ ਝੜਪ ਨੇ ਖੂਨੀ ਰੂਪ ਧਾਰ ਲਿਆ ਅਤੇ ਕਈ ਕਿਸਾਨ ਅਤੇ ਪੁਲਿਸ ਕਰਮਚਾਰੀ ਜ਼ਖਮੀ ਵੀ ਹੋ ਗਏ ਹਨ। ਕਿਸਾਨਾਂ ਵੱਲੋਂ ਗੁੱਸੇ ਵਿੱਚ ਆ ਕੇ ਪੁਲਿਸ ਦੀਆਂ ਗੱਡੀਆਂ ਭੰਨੀਆਂ ਗਈਆਂ ਹਨ।
ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਮੰਗ
ਪਿੰਡ ਰਾਏਕੇ ਕਲਾਂ ਵਿਖੇ ਕਿਸਾਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੰਧਕ ਬਣਾਉਂਦੇ ਹੋਏ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਮੰਗ ਕੀਤੀ ਗਈ। ਇਸ ਘਟਨਾ ਦਾ ਪਤਾ ਚਲਦੇ ਹੀ ਵੱਡੀ ਗਿਣਤੀ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬੰਧਕ ਬਣਾਏ ਗਏ ਅਧਿਕਾਰੀਆਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀ ਝੜਪ ਹੋ ਗਈ। ਇਸ ਝੜਪ ਵਿੱਚ ਕਿਸਾਨਾਂ ਵੱਲੋਂ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ।
ਦੂਸਰੇ ਪਾਸੇ ਪੁਲਿਸ ਵੱਲੋਂ ਵੀ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਹੈ। ਇਸ ਘਟਨਾਕ੍ਰਮ ਦੌਰਾਨ ਜਿੱਥੇ ਪੁਲਿਸ ਕਰਮਚਾਰੀ ਅਤੇ ਕਿਸਾਨ ਜ਼ਖਮੀ ਹੋਏ ਹਨ। ਉੱਥੇ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਪਿੰਡ ਰਾਏਕੇ ਕਲਾਂ ਦੀ ਦਾਣਾ ਮੰਡੀ ਵਿੱਚ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
ਝੋਨੇ ਦੀ ਖਰੀਦ ਸਬੰਧੀ ਸ਼ਿਕਾਇਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਗਸੀਤ ਸਿੰਘ ਝੁੰਬਾ ਨੇ ਕਿਹਾ ਕਿ ''ਝੋਨੇ ਦੀ ਖਰੀਦ ਨੂੰ ਲੈ ਕੇ ਲਗਾਤਾਰ ਉਹਨਾਂ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਸੀ ਕਿ ਕਿਹੜੀਆਂ-ਕਿਹੜੀਆਂ ਮੰਡੀਆਂ ਵਿੱਚ ਦਿੱਕਤਾਂ ਆ ਰਹੀਆਂ ਹਨ। ਇਸ ਦੌਰਾਨ ਰਾਏਕੇ ਕਲਾਂ ਪਿੰਡ ਦੀ ਮੰਡੀ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਸਬੰਧੀ ਜਦੋਂ ਉਨ੍ਹਾਂ ਵੱਲੋਂ ਪੜਤਾਲ ਕਰਨੀ ਸ਼ੁਰੂ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਕੁਝ ਲੋਕਾਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਬਾਰੇ ਜਦੋਂ ਉਨ੍ਹਾਂ ਨੇ ਇੰਸਪੈਕਟਰ ਨਾਲ ਗੱਲ ਕਰੀ ਤਾਂ ਇੰਸਪੈਕਟਰ ਨੇ ਕੋਈ ਜਵਾਬ ਨਹੀਂ ਦਿੱਤਾ''। ਇਸ ਦੇ ਚਲਦੇ ਉਨ੍ਹਾਂ ਵੱਲੋਂ ਖਰੀਦ ਇੰਸਪੈਕਟਰ ਅਤੇ ਹੋਰਨਾਂ ਅਧਿਕਾਰੀਆਂ ਦਾ ਜਦੋਂ ਘਰਾਓ ਕੀਤਾ ਗਿਆ ਤਾਂ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ 'ਤੇ ਲਾਠੀ ਚਾਰਜ ਕਰ ਦਿੱਤਾ ਗਿਆ। ਕਈ ਕਿਸਾਨ ਇਸ ਲਾਠੀ ਚਾਰ ਦੌਰਾਨ ਜਖ਼ਮੀ ਹੋ ਗਏ ਹਨ। ਜਿਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਕਿਸਾਨਾਂ ਵੱਲੋਂ ਪੁਲਿਸ 'ਤੇ ਚਲਾਏ ਗਏ ਰੋੜੇ
ਉੱਧਰ ਦੂਸਰੇ ਪਾਸੇ ਜਖ਼ਮੀ ਹੋਏ ਏਐਸਆਈ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ''ਇਸ ਧਰਨੇ ਪ੍ਰਦਰਸ਼ਨ ਤੋਂ ਵਾਪਸ ਆ ਰਹੇ ਸਨ ਤਾਂ ਇਸ ਦੌਰਾਨ ਕਿਸਾਨਾਂ ਵੱਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਪੁਲਿਸ ਦੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ ਜਦੋਂ ਪੁਲਿਸ ਵੱਲੋਂ ਬਚਾਅ ਵਿੱਚ ਹਲਕਾ ਪੁਲਿਸ ਵੱਲ ਦਾ ਪ੍ਰਯੋਗ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਰੋੜੇ ਚਲਾ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾਕ੍ਰਮ ਦੌਰਾਨ ਉਨ੍ਹਾਂ ਦੇ ਹੱਥ ਅਤੇ ਸਰੀਰ 'ਚ ਹੋਰ ਜਗ੍ਹਾ 'ਤੇ ਵੀ ਸੱਟਾਂ ਲੱਗੀਆਂ ਹਨ।'' ਜਿਨਾਂ ਦਾ ਇਲਾਜ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਪੁਲਿਸ ਦੀਆਂ ਭੰਨੀਆਂ ਗੱਡੀਆਂ
ਡੀਐਸਪੀ ਸਿਟੀ ਵਨ ਹਰਬੰਸ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ''ਪਿੰਡ ਰਾਏਕੇ ਕਲਾਂ ਵਿਖੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋਈ ਹੈ ਅਤੇ ਉਹ ਇਸ ਸਬੰਧੀ ਜਖ਼ਮੀ ਹੋਏ ਵਿਅਕਤੀਆਂ ਦਾ ਇਲਾਜ ਕਰਾਉਣ ਲਈ ਸਰਕਾਰੀ ਹਸਪਤਾਲ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ''ਕਿਸਾਨਾਂ ਵੱਲੋਂ ਪੁਲਿਸ ਦੇ ਉੱਪਰ ਹਮਲਾ ਕੀਤਾ ਗਿਆ ਹੈ ਅਤੇ ਇਸ ਹਮਲੇ ਦੌਰਾਨ ਪੁਲਿਸ ਦੀਆਂ ਗੱਡੀਆਂ ਭੰਨੀਆਂ ਗਈਆਂ ਹਨ''।ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ ਅਤੇ ਜਖ਼ਮੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਕਾਨੂੰਨ ਅਨੁਸਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਮੀਟਿੰਗ ਬੇਸਿੱਟਾ ਰਹੀ
ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਦੁਪਹਿਰ 3:30 ਵਜੇ ਦੇ ਕਰੀਬ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ 20-25 ਵਰਕਰਾਂ ਨੇ ਜਗਸੀਰ ਸਿੰਘ ਝੁੰਬਾ ਜ਼ਿਲ੍ਹਾ ਕਮੇਟੀ ਮੈਂਬਰ ਬੀਕੇਯੂ ਦੀ ਅਗਵਾਈ ਹੇਠ ਦਾਣਾ ਮੰਡੀ ਰਾਏਕੇ ਕਲਾਂ ਜੋ ਕਿ ਪੁਲੀਸ ਸਟੇਸ਼ਨ ਨੰਦਗੜ੍ਹ ਅਧੀਨ ਹੈ। ਉੱਥੇ ਇੰਸਪੈਕਟਰ ਪਨਗ੍ਰੇਨ ਰਾਜਵੀਰ ਸਿੰਘ ਦਾ ਘਿਰਾਓ ਸ਼ੁਰੂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਦਾਣਾ ਮੰਡੀ ਰਾਏਕੇ ਕਲਾਂ ਵਿਖੇ ਖਰੀਦ ਏਜੰਸੀਆਂ ਨੂੰ ਨਮੀ ਦੀ ਜਾਂਚ ਕੀਤੇ ਬਿਨਾਂ ਝੋਨੇ ਦੀ ਫਸਲ ਦੀ ਖਰੀਦ ਕੀਤੀ ਜਾਵੇ ਅਤੇ ਝੋਨੇ ਦੀ ਲਿਫਟਿੰਗ ਤੇਜ਼ ਕੀਤੀ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਸ਼ਾਮ 05:30 ਵਜੇ ਵਿਪਨ ਕੁਮਾਰ, ਨਾਇਬ ਤਹਿਸੀਲਦਾਰ ਬਠਿੰਡਾ ਮਾਮਲੇ ਦੇ ਹੱਲ ਲਈ ਉਕਤ ਸਥਾਨ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਮੀਟਿੰਗ ਕੀਤੀ ਪਰ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਸ਼ਾਮ 5:50 ਵਜੇ ਦੇ ਕਰੀਬ ਉਨ੍ਹਾਂ ਨੇ ਵਿਪਨ ਕੁਮਾਰ ਨਾਇਬ ਤਹਿਸੀਲਦਾਰ ਬਠਿੰਡਾ ਦਾ ਵੀ ਘਿਰਾਓ ਸੁਰੂ ਕਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੀਐਸਪੀ ਦਿਹਾਤੀ ਹੀਨਾ ਗੁਪਤਾ ਪੀਪੀਐਸ ਅਤੇ ਬਾਅਦ ਵਿੱਚ ਡੀਐਸਪੀ ਹੈੱਡਕੁਆਰਟਰ ਰਾਹੁਲ ਭਾਰਦਵਾਜ ਪੀਪੀਐਸ ਅਤੇ ਐਸਐਚਓ ਨੰਦਗੜ੍ਹ ਦੇ ਇੰਸਪੈਕਟਰ ਸੰਦੀਪ ਸਿੰਘ ਨਾਲ ਵੀ ਗੱਲਬਾਤ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ।
ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪਾਰਟੀ 'ਤੇ ਕੀਤਾ ਹਮਲਾ
ਇਸ ਤੋਂ ਬਾਅਦ ਐਸਡੀਐਮ ਬਠਿੰਡਾ ਬਲਕਰਨ ਸਿੰਘ ਅਤੇ ਐਸਪੀ ਸਿਟੀ ਨਰਿੰਦਰ ਸਿੰਘ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਇਸ ਮੁੱਦੇ ’ਤੇ ਗੱਲਬਾਤ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਕੋਈ ਝੁਕਾਅ ਨਹੀਂ ਵਿਖਾਇਆ ਅਤੇ ਨਮੀ ਦੀ ਜਾਂਚ ਕੀਤੇ ਬਿਨਾਂ ਹੀ ਝੋਨਾ ਖਰੀਦਣ ’ਤੇ ਅੜੇ ਰਹੇ। ਪੂਰੀ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਨੇ ਨਾਇਬ ਤਹਿਸੀਲਦਾਰ ਅਤੇ ਇੰਸਪੈਕਟਰ ਨੂੰ ਜਾਣ ਨਹੀਂ ਦਿੱਤਾ ਅਤੇ ਜਦੋਂ ਪੁਲਿਸ ਫੋਰਸ ਨੇ ਬੰਦੀ ਅਧਿਕਾਰੀਆਂ ਨੂੰ ਛੁਡਾਉਣਾ ਸ਼ੁਰੂ ਕੀਤਾ ਤਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਇੱਕ ਪੁਲਿਸ ਮੁਲਾਜ਼ਮ (ਏ.ਐਸ.ਆਈ. ਪਰਮਜੀਤ ਕੁਮਾਰ) ਨੂੰ ਸ਼ਾਰਪ ਕੱਟ ਨਾਲ ਸੱਟਾਂ ਲੱਗੀਆਂ ਅਤੇ ਕੁਝ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਪੁਲਿਸ ਨੂੰ ਸਥਿਤੀ ਨੂੰ ਕਾਬੂ ਹੇਠ ਕਰਨ ਅਤੇ ਕਰਮਚਾਰੀਆਂ ਨੂੰ ਛੁਡਾਉਣ ਲਈ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਿਭਾਗ ਦੇ ਵਾਹਨ ਤੋਂ ਇਲਾਵਾ ਪੁਲਿਸ ਕਰਮਚਾਰੀ ਦੇ ਵਾਹਨ ਤੇ ਤੇਜਧਾਰ ਹਥਿਆਰਾਂ ਜਿਵੇਂ ਕਿ ਕੁਲਹਾੜੀ ਆਦਿ ਨਾਲ ਵਾਰ ਕੀਤਾ ਗਿਆ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ 'ਚ ਦਾਖਲ ਕਰਵਾ ਕੇ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਇਹ ਵੀ ਦੱਸਿਆ ਕਿ ਅੱਜ ਦੁਪਹਿਰ 3.30 ਵਜੇ ਦੇ ਕਰੀਬ ਰਾਏਕੇ ਕਲਾਂ ਮੰਡੀ ਵਿੱਚ ਖਰੀਦ ਅਤੇ ਲਿਫਟਿੰਗ ਦਾ ਕੋਈ ਮੁੱਦਾ ਨਹੀਂ ਹੈ ਕਿਉਂਕਿ ਰਾਏਕੇ ਕਲਾਂ ਮੰਡੀ ਵਿੱਚ 11 ਨਵੰਬਰ 24 ਤੱਕ ਕੁੱਲ 4775 ਮੀਟਰਿਕ ਟਨ ਦੀ ਆਮਦ ਹੋਈ ਹੈ ਜਿਸ ਵਿੱਚੋਂ 4400 ਮੀਟਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। 3324 ਮੀਟਰਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ।