ਮੋਗਾ:ਪੰਜਾਬ 'ਚ ਸਰਪੰਚੀ ਚੋਣਾਂ ਦੌਰਾਨ ਕਈ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲੇ ਹਨ। ਜਿਥੇ ਵੱਡੀ ਉਮਰ ਦੇ ਬਜ਼ੁਰਗ ਸਰਪੰਚ ਬਣੇ ਹਨ ਤਾਂ ਉਥੇ ਹੀ ਨੌਜਵਾਨਾਂ ਨੇ ਵੀ ਇੰਨ੍ਹਾਂ ਚੋਣਾਂ 'ਚ ਚੰਗੀ ਛਾਪ ਛੱਡੀ, ਕਿਤੇ ਮਹਿਲਾਵਾਂ ਤੇ ਕੁੜੀਆਂ ਸਰਪੰਚ ਬਣੀਆਂ ਤਾਂ ਕਿਤੇ ਪ੍ਰਵਾਸੀ ਦੇ ਹੱਥ ਪਿੰਡ ਦੀ ਸਰਪੰਚੀ ਦੀ ਕਮਾਨ ਲੋਕਾਂ ਨੇ ਸੌਂਪੀ। ਅਜਿਹਾ ਹੀ ਮੋਗਾ ਦੇ ਹਲਕਾ ਧਰਮਕੋਟ ਦਾ ਪਿੰਡ ਗਲੋਟੀ ਹੈ, ਜਿਥੇ ਪਿੰਡ ਦੇ ਲੋਕਾਂ ਨੇ 22 ਸਾਲ ਗੱਬਰੂ ਨੌਜਵਾਨ ਸ਼ਵਰਾਜ ਸਿੰਘ ਢਿੱਲੋਂ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ।
ਕਦੇ ਕੈਨੇਡਾ 'ਚ ਕਰਦਾ ਸੀ ਦਿਹਾੜੀ, ਅੱਜ 22 ਸਾਲ ਮੁੰਡੇ ਨੂੰ ਪਿੰਡ ਗਲੋਟੀ ਵਾਲਿਆਂ ਨੇ ਬਣਾਇਆ ਸਰਪੰਚ (ETV BHARAT) ਕੈਨੇਡਾ ਛੱਡ ਬਣਿਆ ਪਿੰਡ ਦਾ ਸਰਪੰਚ
ਇਸ 'ਚ ਖਾਸ ਗੱਲ ਇਹ ਹੈ ਕਿ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਇਹ ਚੋਣ ਕੀਤੀ ਹੈ ਤੇ ਨਵਾਂ ਬਣਿਆ ਸਰਪੰਚ ਨੌਜਵਾਨ ਸ਼ਵਰਾਜ ਸਿੰਘ ਢਿੱਲੋਂ ਪਹਿਲਾਂ ਕੈਨੇਡਾ ਚਲਾ ਗਿਆ ਸੀ ਤੇ ਉਥੇ ਦਿਹਾੜੀ ਲਗਾਉਂਦਾ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਪਿੰਡ ਮੁੜਿਆ ਸੀ। ਕੈਨੇਡਾ ਵਿੱਚ ਇਹ ਨੌਜਵਾਨ ਸਰਪੰਚ ਇੱਕ ਗੋਦਾਮ ਵਿੱਚ ਫਲ ਅਤੇ ਸਬਜ਼ੀਆਂ ਲੱਦਣ ਦਾ ਕੰਮ ਕਰਦਾ ਸੀ।
ਸਰਬਸੰਮਤੀ ਨਾਲ ਕੀਤੀ ਗਈ ਚੋਣ
ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਸ਼ਵਰਾਜ ਢਿੱਲੋਂ ਨੇ ਦੱਸਿਆ ਕਿ ਉਹ ਕੈਨੇਡਾ ਦੇ ਅਨਟਾਰੀਓ ਵਿੱਚ ਲੈਬਟਨ ਕਾਲਜ ਤੋਂ ਇੰਟਰਨੈਸ਼ਨਲ ਬਿਜਨਸ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਮਾਰਚ 2024 ਵਿੱਚ ਪੰਜਾਬ ਵਾਪਸ ਆਇਆ ਸੀ। ਸ਼ਿਵਰਾਜ ਸਿੰਘ ਢਿੱਲੋ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਜੋ ਉਸ ਨੂੰ ਬਿਨਾਂ ਕਿਸੇ ਵਿਰੋਧ ਦੇ ਸਰਪੰਚ ਚੁਣ ਚੁੱਕੇ ਹਨ। ਨੌਜਵਾਨ ਨੇ ਕਿਹਾ ਕਿ ਉਸ ਨੇ ਪਹਿਲਾਂ ਕਦੇ ਕੈਨੇਡਾ ਜਾਣ ਦਾ ਨਹੀਂ ਸੋਚਿਆ ਸੀ, ਪਰ ਜਦੋਂ ਉਸ ਦੇ ਵਿਦੇਸ਼ ਜਾਣ ਲੱਗੇ ਤਾਂ ਉਸ ਨੇ ਵੀ ਸਾਲ 2021 'ਚ ਕੈਨੇਡਾ ਦੀ ਉਡਾਰੀ ਭਰੀ ਸੀ।
ਪਿੰਡ ਦੇ ਵਿਕਾਸ ਲਈ ਕਰਾਂਗਾ ਦਿਨ ਰਾਤ ਮਿਹਨਤ
ਸ਼ਵਰਾਜ ਨੇ ਦੱਸਿਆ ਕਿ ਕੈਨੇਡਾ ਤੋਂ ਆਪਣੇ ਮਾਮੇ ਦੀ ਬਿਮਾਰੀ ਕਾਰਨ ਉਹ ਪਿੰਡ ਮੁੜਿਆ ਸੀ, ਜਿਥੇ ਪਿੰਡ ਦੇ ਲੋਕਾਂ ਦੇ ਕਹਿਣ 'ਤੇ ਉਸ ਨੇ ਸਰਪੰਚੀ 'ਚ ਖੜੇ ਹੋਣ ਦਾ ਫੈਸਲਾ ਕੀਤਾ ਤੇ ਹੁਣ ਸਰਬਸੰਮਤੀ ਨਾਲ ਉਸ ਦੀ ਚੋਣ ਹੋਈ ਹੈ। ਮੈਂ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਗਾ ਤੇ ਦਿਨ ਰਾਤ ਇੱਕ ਕਰਕੇ ਪਿੰਡ ਦਾ ਸੁਧਾਰ ਕਰਾਂਗਾ, ਜੋ ਵੀ ਪਿੰਡ ਨਾਲ ਸਬੰਧਿਤ ਮਸਲੇ ਹੋਣਗੇ ਉਸ ਨੂੰ ਹੱਲ ਕੀਤਾ ਜਾਵੇਗਾ ਤੇ ਪਿੰਡ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਬਣਾਵਾਂਗਾ।
ਪਰਿਵਾਰ 'ਚ ਵੀ ਖੁਸ਼ੀ ਦਾ ਮਾਹੌਲ
ਉੱਥੇ ਹੀ ਨਵੇਂ ਬਣੇ ਸਰਪੰਚ ਸ਼ਵਰਾਜ ਸਿੰਘ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਨਗਰ ਵਾਸੀਆਂ ਨੇ ਸਰਪੰਚ ਬਣਾ ਕੇ ਬਹੁਤ ਹੀ ਸਾਡੇ 'ਤੇ ਮਿਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਦੇ ਹਾਂ ਕਿ ਪਿੰਡ ਵਿੱਚ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾਵੇਗਾ ਤੇ ਪਿੰਡ 'ਚੋਂ ਨਸ਼ਾ ਮੁਕਤ ਕਰਕੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇਗਾ। ਨੌਜਵਾਨ ਸਰਪੰਚ ਦੇ ਪਿਤਾ ਨੇ ਦੱਸਿਆ ਕਿ ਉਹ ਖੁਦ ਪਿੰਡ ਦੇ ਸਰਪੰਚ ਰਹਿ ਚੱਕੇ ਹਨ ਤੇ ਉਨ੍ਹਾਂ ਦਾ ਤਜ਼ਰਬਾ ਉਨ੍ਹਾਂ ਦੇ ਪੁੱਤ ਦੇ ਕੰਮ ਵੀ ਆਵੇਗਾ।