74 ਸਾਲ ਦੇ ਬਲਵਿੰਦਰ ਸਿੰਘ ਨੂੰ ਪਿਛਲੇ 40 ਸਾਲਾਂ ਤੋਂ ਵੱਖਰਾ ਸ਼ੌਂਕ ਫ਼ਰੀਦਕੋਟ:ਜਦੋਂ ਕੁਝ ਕਰ ਦਿਖਾਉਣ ਦਾ ਜਨੂੰਨ ਸਿਰ ਉੱਤੇ ਹੋਵੇ ਤਾਂ, ਉਮਰ ਮਹਿਜ਼ ਨੰਬਰ ਸਾਬਿਤ ਹੁੰਦੇ ਹਨ। ਅਜਿਹੇ ਇਕ 'ਨੌਜਵਾਨ ਬਜ਼ੁਰਗ' ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜਿਸ ਨੇ 74 ਸਾਲ ਦੀ ਉਮਰ ਵਿੱਚ ਆਪਣਾ ਪਿਛਲੇ 40 ਸਾਲਾਂ ਦਾ ਆਪਣਾ ਸ਼ੌਂਕ ਪੂਰਾ ਕੀਤਾ। ਜ਼ਿਲ੍ਹੇ ਦੇ ਸਨਅਤਕਾਰ ਬਲਵਿੰਦਰ ਸਿੰਘ ਨੇ ਹੱਥ ਛੱਡ ਕੇ 112 ਕਿਲੋਮੀਟਰ ਤੱਕ ਮੋਟਰ ਸਾਇਕਲ ਚਲਾ ਕੇ ਇੰਡੀਆ ਦੀ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਇਸ ਮੌਕੇ ਟੀਮ ਨਾਲ ਗੱਲ ਕਰਦਿਆ ਬਲਵਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸ਼ੌਂਕ ਰਿਹਾ ਕਿ ਕੁਝ ਵੱਖਰਾ ਕਰਨ। ਤਕਰੀਬਨ ਪਿਛਲੇ 40 ਸਾਲ ਤੋਂ ਉਨ੍ਹਾਂ ਦਾ ਸ਼ੌਂਕ ਰਿਹਾ ਹੈ ਕਿ ਹੱਥ ਛੱਡ ਕੇ ਮੋਟਰ ਸਾਇਕਲ ਚਲਾਉਣ ਹੈ। ਇਸ ਵਿੱਚ ਉਹ ਕਾਮਯਾਬ ਵੀ ਹੋਏ ਹਨ।
ਪਿਛਲੇ 40 ਸਾਲ ਦਾ ਸੁਪਨਾ: ਸਨਅਤਕਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੀ ਜ਼ਿੱਦ ਰਹੀ ਹੈ, ਜੋ ਮੈਂ ਨਾ ਸਿਰਫ਼ ਪੂਰੀ ਕੀਤੀ, ਸਗੋਂ ਇੰਡੀਆ ਦੀ ਬੁੱਕ ਆਫ ਰਿਕਾਰਡ ਵਿੱਚ ਨਾਮ ਵੀ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਰਿਕਾਰਡ ਬਣਾਉਣ ਲਈ ਵੀਡੀਓਗ੍ਰਾਫੀ ਹੋਈ, ਤਾਂ ਮੇਰੇ ਨਾਲ ਇੱਕ ਮੀਡੀਆ ਤੋਂ ਕਰਿੰਦਾ ਅਤੇ ਐਂਬੂਲੈਂਸ ਵੀ ਮੌਜੂਦ ਰਹੀ। ਲਾਈਵ ਵੀਡੀਓ ਬਣਾ ਕੇ ਇੰਡੀਆ ਦੀ ਬੁੱਕ ਆਫ ਰਿਕਾਰਡ ਵਿੱਚ ਸਬੂਤ ਦਿੱਤਾ ਗਿਆ ਕਿ ਉਨ੍ਹਾਂ ਨੇ ਹੱਥ ਛੱਡ ਕੇ ਮੋਟਰ ਸਾਇਕਲ ਚਲਾਇਆ।
ਮੱਖੂ ਤੋਂ ਬਠਿੰਡਾਂ ਤੱਕ ਹੱਥ ਛੱਡ ਕੇ ਚਲਾਈ ਬਾਈਕ:ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 16 ਨਵੰਬਰ, 2023 ਨੂੰ ਮੱਖੂ ਤੋਂ ਬਠਿੰਡਾਂ ਤੱਕ ਹੱਥ ਛੱਡ ਕੇ ਮੋਟਰ ਸਾਇਕਲ ਚਲਾਇਆ ਅਤੇ 112.4 ਕਿਲੋਮੀਟਰ ਦਾ ਰਿਕਾਰਡ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਜੇ ਤੱਕ ਇੰਨਾ ਰਿਕਾਰਡ ਕਿਸੇ ਦਾ ਨਹੀਂ ਹੈ, ਉਹ ਪਹਿਲੇ ਹਨ, ਜਿਨ੍ਹਾਂ ਨੇ 112.4 ਕਿਲੋਮੀਟਰ ਤੱਕ ਹੱਥ ਛੱਡ ਕੇ ਬਾਈਕ ਚਲਾਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ।
ਅੱਗੇ ਕੀ ਟੀਚਾ: ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਪਹਿਲਾਂ ਹੀ 200 ਤੋਂ ਵੱਧ ਕਿਲੋਮੀਟਰ ਤੱਕ ਹੱਥ ਛੱਡ ਕੇ ਮੋਟਰ ਸਾਇਕਲ ਚਲਾਉਣਾ ਸੀ, ਪਰ ਬਠਿੰਡਾ ਪਹੁੰਚੇ, ਤਾਂ ਉੱਥੇ ਟੋਇਆ ਪੁੱਟਿਆ ਹੋਇਆ ਸੀ ਜਿਸ ਕਰਕੇ ਰੁਕਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਟੋਇਆ ਨਾ ਹੁੰਦਾ ਤਾਂ, ਮੱਖੂ ਤੋਂ ਬਠਿੰਡਾ ਤੇ ਅੱਗੇ ਬਰਨਾਲਾ ਤੇ ਸੰਗਰੂਰ ਤੱਕ ਜਾਣ ਦਾ ਪਲਾਨ ਸੀ। ਹੁਣ ਇਸ ਨੂੰ 200 ਕਿਲੋਮੀਟਰ ਤੋਂ ਵੱਧ ਹੱਥ ਛੱਡ ਕੇ ਮੋਟਰ ਸਾਇਕਲ ਚਲਾਇਆ ਜਾਵੇਗਾ।
ਸੋ, ਜਿੱਥੇ ਬਲਵਿੰਦਰ ਸਿੰਘ ਨੇ ਇਹ ਸਾਬਿਤ ਕੀਤਾ ਹੈ ਕਿ ਜੇਕਰ ਆਪਣਾ ਸ਼ੌਂਕ ਜਿੰਦਾ ਰੱਖਣਾ ਹੋਵੇ ਤੇ ਇਸ ਨੂੰ ਪੂਰਾ ਕਰਨ ਦਾ ਜਜ਼ਬਾ ਹੋਵੇ, ਤਾਂ ਫਿਰ ਉਮਰ ਰਾਹ ਦਾ ਰੋੜਾ ਨਹੀਂ ਬਣਦੀ। ਬਲਵਿੰਦਰ ਸਿੰਘ ਨੇ ਅਜਿਹਾ ਕਰਕੇ ਨੌਜਵਾਨ ਪੀੜੀ ਅੱਗੇ ਵੱਖਰੀ ਮਿਸਾਲ ਕਾਇਮ ਕੀਤੀ ਹੈ।