ਨਵੀਂ ਦਿੱਲੀ:ਸਾਬਕਾ ਭਾਰਤੀ ਮੁੱਖ ਕੋਚ ਰਾਹੁਲ ਦ੍ਰਾਵਿੜ CEAT ਕ੍ਰਿਕਟ ਐਵਾਰਡਜ਼ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਦੇ ਇੱਕ ਜਵਾਬ ਨੇ ਮਾਹੌਲ ਨੂੰ ਹਾਸੇ ਨਾਲ ਭਰ ਦਿੱਤਾ। ਉਨ੍ਹਾਂ ਦੀ ਕੋਚਿੰਗ 'ਚ ਭਾਰਤ ਨੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ, ਜਿਸ ਕਾਰਨ ਦ੍ਰਾਵਿੜ ਨੂੰ ਸਮਾਰੋਹ ਦੌਰਾਨ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
CEAT ਕ੍ਰਿਕਟ ਐਵਾਰਡਸ ਵਿੱਚ ਸਵਾਲ-ਜਵਾਬ ਸੈਸ਼ਨ ਦੌਰਾਨ ਦ੍ਰਾਵਿੜ ਨੂੰ ਪੁੱਛਿਆ ਗਿਆ ਕਿ 'ਬਾਇਓਪਿਕ ਵਿੱਚ ਰਾਹੁਲ ਦ੍ਰਾਵਿੜ ਦਾ ਕਿਰਦਾਰ ਕੌਣ ਨਿਭਾਏਗਾ?' ਸਾਬਕਾ ਭਾਰਤੀ ਬੱਲੇਬਾਜ਼ ਨੇ ਮਜ਼ਾਕੀਆ ਅੰਦਾਜ਼ 'ਚ ਜਵਾਬ ਦਿੰਦੇ ਹੋਏ ਕਿਹਾ, 'ਜੇਕਰ ਪੈਸਾ ਚੰਗਾ ਹੈ ਤਾਂ ਮੈਂ ਖੁਦ ਇਸ 'ਚ ਭੂਮਿਕਾ ਨਿਭਾਵਾਂਗਾ। ਦ੍ਰਾਵਿੜ ਨੇ ਇਹ ਵੀ ਕਿਹਾ ਕਿ ਟੂਰਨਾਮੈਂਟ ਦੌਰਾਨ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਸੀ ਅਤੇ ਉਨ੍ਹਾਂ 'ਚ ਅਜਿਹਾ ਜਨੂੰਨ ਦੇਖਣਾ ਸ਼ਾਨਦਾਰ ਸੀ'।
ਦ੍ਰਾਵਿੜ ਨੇ ਕਿਹਾ, ਮੈਂ ਇੱਕ ਖਿਡਾਰੀ ਦੇ ਤੌਰ 'ਤੇ ਕਦੇ ਵੀ ਭਾਰਤ ਵਿੱਚ ਵਿਸ਼ਵ ਕੱਪ ਦਾ ਹਿੱਸਾ ਨਹੀਂ ਰਿਹਾ, ਪਰ ਇੱਕ ਕੋਚ ਦੇ ਰੂਪ ਵਿੱਚ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਕੇ ਅਤੇ ਸਿਰਫ ਘੁੰਮਣਾ ਅਤੇ ਇਹ ਦੇਖਣਾ ਕਿ ਇਸ ਖੇਡ ਦਾ ਇਸ ਦੇਸ਼ ਦੇ ਲੋਕਾਂ ਲਈ ਕੀ ਮਤਲਬ ਹੈ, ਇਹ ਸ਼ਾਨਦਾਰ ਅਨੁਭਵ ਅਤੇ ਅਵਿਸ਼ਵਾਸ਼ਯੋਗ ਸੀ।
ਤੁਹਾਨੂੰ ਦੱਸ ਦਈਏ ਕਿ ਪੁਰਸਕਾਰਾਂ ਦੇ 26ਵੇਂ ਐਡੀਸ਼ਨ ਵਿੱਚ ਉਨ੍ਹਾਂ ਕ੍ਰਿਕਟਰਾਂ ਅਤੇ ਖੇਡ ਸ਼ਖਸੀਅਤਾਂ ਦੇ ਸਮੂਹ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਾਲ ਭਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਫਿਲ ਸਾਲਟ ਨੂੰ ਸਾਲ ਦਾ ਪੁਰਸ਼ T20I ਬੱਲੇਬਾਜ਼, ਜਦੋਂ ਕਿ ਟਿਮ ਸਾਊਥੀ ਨੂੰ ਸਾਲ ਦਾ ਪੁਰਸ਼ ਟੀ20I ਗੇਂਦਬਾਜ਼ ਦਾ ਪੁਰਸਕਾਰ ਦਿੱਤਾ ਗਿਆ। ਵਿਰਾਟ ਕੋਹਲੀ ਨੇ ਸਾਲ ਦੇ ਪੁਰਸ਼ ਵਨਡੇ ਬੱਲੇਬਾਜ਼ ਦਾ ਖਿਤਾਬ ਜਿੱਤਿਆ, ਜਦੋਂ ਕਿ ਮੁਹੰਮਦ ਸ਼ਮੀ ਨੇ ਸਾਲ ਦੇ ਪੁਰਸ਼ ਵਨਡੇ ਗੇਂਦਬਾਜ਼ ਦਾ ਖਿਤਾਬ ਜਿੱਤਿਆ।