ਪੈਰਿਸ (ਫਰਾਂਸ):ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਤਿਹਾਸ ਰਚ ਦਿੱਤਾ ਹੈ। ਭਾਕਰ ਓਲੰਪਿਕ ਖੇਡਾਂ ਦੇ ਇੱਕ ਐਡੀਸ਼ਨ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣ ਗਈ ਹੈ। ਮੰਗਲਵਾਰ ਨੂੰ ਉਨ੍ਹਾਂ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦੇ ਤਮਗੇ 'ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਐਤਵਾਰ ਨੂੰ ਉਨ੍ਹਾਂ ਨੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਮਨੂ ਭਾਕਰ ਨੇ ਇਤਿਹਾਸ ਰਚਿਆ:ਚੈਟੋਰੋਕਸ ਰੇਂਜ 'ਤੇ ਵਿਅਕਤੀਗਤ ਈਵੈਂਟ 'ਚ 22 ਸਾਲਾ ਦੀ ਖਿਡਾਰਣ ਦਾ ਕਾਂਸੀ ਦਾ ਤਗਮਾ ਵੀ ਮਹੱਤਵਪੂਰਨ ਪ੍ਰਾਪਤੀ ਸੀ ਕਿਉਂਕਿ ਉਹ ਨਿਸ਼ਾਨੇਬਾਜ਼ੀ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ। ਭਾਕਰ ਹੁਣ ਪੀਵੀ ਸਿੰਧੂ ਤੋਂ ਬਾਅਦ ਦੋ ਓਲੰਪਿਕ ਮੈਡਲ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਬਣ ਗਈ ਹੈ। ਭਾਕਰ ਦੀ ਜਿੱਤ ਇਸ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਉਹ ਪਿਸਟਲ ਖ਼ਰਾਬ ਹੋਣ ਕਾਰਨ ਟੋਕੀਓ ਵਿੱਚ ਨਹੀਂ ਖੇਡ ਸਕੀ ਸੀ, ਜਦਕਿ ਉਨ੍ਹਾਂ ਨੂੰ ਭਾਰਤ ਵੱਲੋਂ ਤਗ਼ਮਾ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ।