ਚੰਡੀਗੜ੍ਹ:ਭਾਰਤੀ ਦਲ ਦੀ ਵਿਨੇਸ਼ ਫੋਗਾਟ ਨੂੰ ਮਹਿਲਾ ਕੁਸ਼ਤੀ 50 ਕਿਲੋ ਵਰਗ ਵਿੱਚ ਅਯੋਗ ਕਰਾਰ ਦਿੱਤਾ ਗਿਆ ਹੈ। ਟੀਮ ਦੇ ਪੂਰੀ ਰਾਤ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅੱਜ ਸਵੇਰੇ ਉਨ੍ਹਾਂ ਦਾ ਵਜ਼ਨ 50 ਕਿਲੋ ਤੋਂ ਕੁਝ ਗ੍ਰਾਮ ਵੱਧ ਪਾਇਆ ਗਿਆ। ਜਿਸ ਕਾਰਨ ਉਹ ਫਾਈਨਲ ਮੈਚ ਨਹੀਂ ਖੇਡ ਸਕਣਗੇ।
ਉਥੇ ਹੀ ਏਐਨਆਈ ਦਾ ਹਵਾਲਾ ਦਿੰਦੇ ਹੋਏ ਭਾਰਤੀ ਓਲੰਪਿਕ ਸੰਘ ਨੇ ਕਿਹਾ, 'ਇਹ ਅਫਸੋਸਜਨਕ ਹੈ ਕਿ ਭਾਰਤੀ ਦਲ ਵਿਨੇਸ਼ ਫੋਗਾਟ ਦੇ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ਤੋਂ ਅਯੋਗ ਹੋਣ ਦੀ ਖਬਰ ਸਾਂਝੀ ਕਰ ਰਿਹਾ ਹੈ। ਟੀਮ ਵੱਲੋਂ ਰਾਤ ਭਰ ਕੀਤੇ ਗਏ ਵਧੀਆ ਯਤਨਾਂ ਦੇ ਬਾਵਜੂਦ ਅੱਜ ਸਵੇਰੇ ਉਨ੍ਹਾਂ ਦਾ ਭਾਰ 50 ਕਿਲੋ ਤੋਂ ਕੁਝ ਗ੍ਰਾਮ ਵੱਧ ਸੀ। ਫਿਲਹਾਲ ਟੀਮ ਵੱਲੋਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤੀ ਟੀਮ ਤੁਹਾਨੂੰ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੀ ਹੈ। ਉਹ ਹੋਰ ਮੁਕਾਬਲਿਆਂ 'ਤੇ ਧਿਆਨ ਕੇਂਦਰਤ ਕਰਨਾ ਚਾਹੇਗੀ'।
ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਕਸ 'ਤੇ ਲਿਖਿਆ ਕਿ, ਵਿਨੇਸ਼, ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦਾ ਝਟਕਾ ਦੁੱਖ ਦਿੰਦਾ ਹੈ। ਮੈਂ ਚਾਹੁੰਦਾ ਹਾਂ ਕਿ ਸ਼ਬਦ ਨਿਰਾਸ਼ਾ ਦੀ ਭਾਵਨਾ ਨੂੰ ਪ੍ਰਗਟ ਕਰ ਸਕਣ ਜੋ ਮੈਂ ਅਨੁਭਵ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਲਚਕੀਲੇਪਣ ਦਾ ਪ੍ਰਤੀਕ ਬਣਾਉਂਦੇ ਹੋ। ਚੁਣੌਤੀਆਂ ਦਾ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸ ਆਓ! ਅਸੀਂ ਸਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ।
ਤੁਹਾਨੂੰ ਦੱਸ ਦਈਏ ਕਿ ਵਿਨੇਸ਼ ਫੋਗਾਟ ਨੇ ਪਹਿਲੀ ਵਾਰ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ ਸੀ। ਉਹ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਸੀ। ਇਸ ਨਾਲ ਉਨ੍ਹਾਂ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਕੇ ਪਹਿਲੀ ਵਾਰ ਤਮਗਾ ਪੱਕਾ ਕੀਤਾ ਸੀ। ਉਨ੍ਹਾਂ ਦੇ ਅਯੋਗ ਹੋਣ ਤੋਂ ਬਾਅਦ ਹਰ ਭਾਰਤੀ ਨੂੰ ਵੱਡਾ ਝਟਕਾ ਲੱਗਾ ਹੈ।
ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਪਹਿਲਵਾਨ ਦਾ ਵਜ਼ਨ ਮਨਜ਼ੂਰ ਸੀਮਾ ਤੋਂ ਕਰੀਬ 100 ਗ੍ਰਾਮ ਵੱਧ ਸੀ, ਜਿਸ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਮੁਕਾਬਲੇ ਦੇ ਨਿਯਮਾਂ ਅਨੁਸਾਰ, ਫੋਗਾਟ ਚਾਂਦੀ ਦੇ ਤਗਮੇ ਲਈ ਵੀ ਯੋਗ ਨਹੀਂ ਹੋਣਗੇ ਅਤੇ ਸਿਰਫ 50 ਕਿਲੋਗ੍ਰਾਮ ਵਿੱਚ ਸੋਨ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਹੀ ਭਾਗ ਲੈਣਗੇ।
ਦੱਸ ਦਈਏ ਕਿ ਸੈਮੀਫਾਈਨਲ 'ਚ ਵਿਨੇਸ਼ ਫੋਗਾਟ ਨੇ ਕਿਊਬਾ ਦੀ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ ਸੀ। ਆਪਣੀ ਸ਼੍ਰੇਣੀ ਦੇ ਪਹਿਲੇ ਮੈਚ ਵਿੱਚ ਉਨ੍ਦਾਹਾਂ ਸਾਹਮਣਾ ਓਲੰਪਿਕ ਸੋਨ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨਾਲ ਹੋਇਆ ਸੀ। ਵਿਨੇਸ਼ ਨੇ ਸੁਸਾਕੀ ਨੂੰ 3-2 ਨਾਲ ਹਰਾਇਆ ਸੀ। ਸੁਸਾਕੀ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਹੈ ਅਤੇ ਟੋਕੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਸੁਸਾਕੀ ਨੇ ਆਪਣੇ ਸਾਰੇ 82 ਅੰਤਰਰਾਸ਼ਟਰੀ ਮੈਚ ਜਿੱਤੇ ਹਨ ਪਰ, ਵਿਨੇਸ਼ ਨੇ ਸੁਸਾਕੀ ਨੂੰ ਆਪਣੇ ਹੁਨਰ ਨਾਲ ਹਰਾਇਆ ਸੀ।
ਕਾਬਿਲੇਗੌਰ ਹੈ ਕਿ ਹਰ ਇਕ ਮੈਚ ਤੋਂ ਪਹਿਲਾਂ ਖਿਡਾਰੀ ਦਾ ਭਾਰ ਤੋਲਿਆ ਜਾਂਦਾ ਹੈ, ਇਸੇ ਲੜੀ ‘ਚ ਜਦੋਂ ਵਿਨੇਸ਼ ਦਾ ਭਾਰ ਤੋਲਿਆ ਗਿਆ ਤਾਂ ਉਨ੍ਹਾਂ ਦਾ ਭਾਰ 50 ਗ੍ਰਾਮ ਵੱਧ ਪਾਇਆ ਗਿਆ। ਸੋਨ ਤਮਗੇ ਦੀ ਆਸ ਲਾਈ ਬੈਠੇ 140 ਕਰੋੜ ਭਾਰਤੀਆਂ ਦਾ ਦਿਲ ਟੁੱਟ ਗਿਆ ਹੈ।