ਮੁੰਬਈ:ਮੁੰਬਈ ਇੰਡੀਅਨਜ਼ ਨੂੰ ਚੇਨੱਈ ਸੁਪਰ ਕਿੰਗਜ਼ ਨੇ 20 ਦੌੜਾਂ ਨਾਲ ਹਰਾਇਆ। CSK ਵੱਲੋਂ ਦਿੱਤੇ 207 ਦੌੜਾਂ ਦੇ ਟੀਚੇ ਦੇ ਜਵਾਬ 'ਚ ਮੁੰਬਈ ਇੰਡੀਅਨਜ਼ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਹੀ ਬਣਾ ਸਕੀ ਅਤੇ 20 ਦੌੜਾਂ ਨਾਲ ਮੈਚ ਹਾਰ ਗਈ। ਮੁੰਬਈ ਲਈ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੇ ਆਈਪੀਐਲ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਪਰ ਉਸਦਾ ਸੈਂਕੜਾ ਮੁੰਬਈ ਨੂੰ ਜਿੱਤ ਦਿਵਾ ਨਹੀਂ ਸਕਿਆ। ਰੋਹਿਤ ਨੇ 63 ਗੇਂਦਾਂ 'ਤੇ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 105 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਤਿਲਕ ਵਰਮਾ ਨੇ 31 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਚੇਨਈ ਵੱਲੋਂ ਸਟਾਰ ਤੇਜ਼ ਗੇਂਦਬਾਜ਼ ਮਾਸ਼ੀਸਾ ਪਥੀਰਾਨਾ ਨੇ ਸਭ ਤੋਂ ਵੱਧ 4 ਵਿਕਟਾਂ ਆਪਣੇ ਨਾਂ ਕੀਤੀਆਂ।
ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 206 ਦੌੜਾਂ ਬਣਾਈਆਂ। ਮੁੰਬਈ ਦੀ ਟੀਮ 6 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਹੀ ਬਣਾ ਸਕੀ। CSK ਵੱਲੋਂ ਮੈਥਿਸ਼ ਪਥੀਰਾਨਾ ਨੇ 4 ਮਹੱਤਵਪੂਰਨ ਵਿਕਟਾਂ ਲਈਆਂ, ਇਸ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ। ਮਹਿੰਦਰ ਸਿੰਘ ਧੋਨੀ ਨੇ ਵੀ ਆਖਰੀ 4 ਗੇਂਦਾਂ 'ਤੇ 3 ਛੱਕੇ ਲਗਾ ਕੇ ਨਾਬਾਦ 20 ਦੌੜਾਂ ਬਣਾਈਆਂ।
ਦੋਵਾਂ ਟੀਮਾਂ ਵਿਚਾਲੇ ਇਤਿਹਾਸਕ ਮੁਕਾਬਲਾ ਹੈ, ਦੋਵਾਂ ਨੇ 5-5 ਖਿਤਾਬ ਜਿੱਤੇ ਹਨ। ਖਾਸ ਗੱਲ ਇਹ ਹੈ ਕਿ 2010 'ਚ CSK ਨੇ ਫਾਈਨਲ 'ਚ MI ਨੂੰ ਹਰਾ ਕੇ ਹੀ ਖਿਤਾਬ ਜਿੱਤਿਆ ਸੀ। ਜਦੋਂ ਕਿ MI ਨੇ ਆਪਣੇ 5 ਵਿੱਚੋਂ 3 ਖ਼ਿਤਾਬ ਸਿਰਫ਼ CSK ਨੂੰ ਹਰਾ ਕੇ ਜਿੱਤੇ ਹਨ।