ਚੰਡੀਗੜ੍ਹ:ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ 'ਤੇ ਵੀਰਵਾਰ ਨੂੰ ਮੁੱਲਾਂਪੁਰ 'ਚ ਪੰਜਾਬ ਕਿੰਗਜ਼ ਨਾਲ ਖੇਡੇ ਗਏ ਮੈਚ 'ਚ ਜੁਰਮਾਨਾ ਲਗਾਇਆ ਗਿਆ ਹੈ। ਹਾਰਦਿਕ 'ਤੇ ਪੰਜਾਬ ਕਿੰਗਜ਼ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ ਦੇ 33ਵੇਂ ਮੈਚ 'ਚ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਇਸ ਉੱਚ ਸਕੋਰ ਵਾਲੇ ਮੈਚ ਵਿੱਚ ਪੰਜਾਬ ਕਿੰਗਜ਼ ਤੋਂ 9 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ।
ਹਾਰਦਿਕ ਨੂੰ ਜੁਰਮਾਨਾ: ਆਈਪੀਐੱਲ ਵੱਲੋਂ ਜਾਰੀ ਬਿਆਨ ਮੁਤਾਬਕ, 'ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ 'ਤੇ 18 ਅਪ੍ਰੈਲ ਨੂੰ ਮੁੱਲਾਂਪੁਰ ਪੀਸੀਏ ਨਿਊ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਪੰਜਾਬ ਕਿੰਗਜ਼ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਦੇ 33ਵੇਂ ਮੈਚ ਦੌਰਾਨ ਹੌਲੀ ਓਵਰ-ਰੇਟ ਬਣਾਈ ਰੱਖਣ 'ਤੇ ਜੁਰਮਾਨਾ ਲਗਾਇਆ ਗਿਆ ਹੈ।
ਇਸ ਬਿਆਨ 'ਚ ਅੱਗੇ ਕਿਹਾ ਗਿਆ ਹੈ, 'ਘੱਟੋ-ਘੱਟ ਓਵਰ ਰੇਟ ਨਾਲ ਸਬੰਧਤ ਆਈਪੀਐੱਲ ਕੋਡ ਆਫ ਕੰਡਕਟ ਦੇ ਤਹਿਤ ਇਹ ਉਸ ਦੀ ਟੀਮ ਦਾ ਸੀਜ਼ਨ ਦਾ ਪਹਿਲਾ ਅਪਰਾਧ ਸੀ, ਇਸ ਲਈ ਪੰਡਯਾ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।'
ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸੂਰਿਆਕੁਮਾਰ ਯਾਦਵ ਦੀ 53 ਗੇਂਦਾਂ 'ਚ 78 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ। ਇਸ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ 183 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਮੁੰਬਈ ਨੇ ਇਹ ਮੈਚ 9 ਦੌੜਾਂ ਨਾਲ ਜਿੱਤ ਲਿਆ।
ਇਸ ਮੈਚ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਭ ਤੋਂ ਵਧੀਆ ਗੇਂਦਬਾਜ਼ ਸਾਬਤ ਹੋਏ। ਉਨ੍ਹਾਂ ਨੇ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਗੇਰਾਲਡ ਕੋਏਟਜ਼ੀ ਨੇ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ ਹਨ। ਬੁਮਰਾਹ ਨੂੰ ਗੇਂਦ ਨਾਲ ਸ਼ਾਨਦਾਰ ਕੋਸ਼ਿਸ਼ਾਂ ਲਈ ਪਲੇਅਰ ਆਫ ਦ ਮੈਚ ਚੁਣਿਆ ਗਿਆ। ਮੁੰਬਈ ਇੰਡੀਅਨਜ਼ ਹੁਣ ਅੰਕ ਸੂਚੀ ਵਿਚ 7ਵੇਂ ਸਥਾਨ 'ਤੇ ਹੈ, ਜਦਕਿ ਪੰਜਾਬ ਕਿੰਗਜ਼ 9ਵੇਂ ਸਥਾਨ 'ਤੇ ਹੈ।