ਨਵੀਂ ਦਿੱਲੀ: ਆਈਪੀਐਲ 2024 ਦਾ 22ਵਾਂ ਮੈਚ ਚੇਨਈ ਸੁਪਰ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਐਮਏ ਚਿਦੰਬਰਮ ਸਟੇਡੀਅਮ, ਚੇਨਈ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਸੀਐਸਕੇ ਨੇ ਕੇਕੇਆਰ ਨੂੰ 7 ਵਿਕਟਾਂ ਨਾਲ ਹਰਾਇਆ ਹੈ। ਇਸ ਸੀਜ਼ਨ ਵਿੱਚ ਕੇਕੇਆਰ ਦੀ ਇਹ ਪਹਿਲੀ ਹਾਰ ਹੈ ਜਦਕਿ ਸੀਐਸਕੇ ਦੀ ਇਹ ਤੀਜੀ ਜਿੱਤ ਹੈ। ਇਸ ਮੈਚ ਨੂੰ ਜਿੱਤ ਕੇ CSK ਅੰਕ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ।
ਤੁਸ਼ਾਰ ਨੇ ਪਹਿਲੀ ਹੀ ਗੇਂਦ 'ਤੇ ਲਈ ਵਿਕਟ: ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਕੇਕੇਆਰ ਦੇ ਸਲਾਮੀ ਬੱਲੇਬਾਜ਼ ਫਿਲਿਪ ਸਾਲਟ ਨੂੰ ਮੈਚ ਦੀ ਪਹਿਲੀ ਹੀ ਗੇਂਦ 'ਤੇ ਰਵਿੰਦਰ ਜਡੇਜਾ ਹੱਥੋਂ ਕੈਚ ਆਊਟ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਇਸ ਸੀਜ਼ਨ 'ਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਬੱਲੇਬਾਜ਼ ਮੈਚ ਦੀ ਪਹਿਲੀ ਗੇਂਦ 'ਤੇ ਆਊਟ ਹੋਇਆ ਹੋਵੇ। ਤੁਸ਼ਾਰ ਨੇ ਇਸ ਮੈਚ 'ਚ 3 ਵਿਕਟਾਂ ਲਈਆਂ।
ਜਡੇਜਾ ਨੇ ਇੱਕ ਓਵਰ ਵਿੱਚ ਦਿੱਤੇ 2 ਵੱਡੇ ਝਟਕੇ: ਕੇਕੇਆਰ ਲਈ ਸੁਨੀਲ ਨਰਾਇਣ ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਦੂਜੇ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿਰ ਰਵਿੰਦਰ ਜਡੇਜਾ ਨੇ 7ਵੇਂ ਓਵਰ ਵਿੱਚ ਕੇਕੇਆਰ ਨੂੰ ਦੋ ਝਟਕੇ ਦਿੱਤੇ। ਉਸ ਨੇ ਓਵਰ ਦੀ ਪਹਿਲੀ ਗੇਂਦ 'ਤੇ 24 ਦੌੜਾਂ ਦੇ ਸਕੋਰ 'ਤੇ ਰਘੂਵੰਸ਼ੀ ਨੂੰ ਪੈਵੇਲੀਅਨ ਭੇਜਿਆ ਅਤੇ ਫਿਰ ਓਵਰ ਦੀ ਪੰਜਵੀਂ ਗੇਂਦ 'ਤੇ ਉਸ ਨੇ ਨਾਰਾਇਣ ਨੂੰ 27 ਦੌੜਾਂ ਦੇ ਸਕੋਰ 'ਤੇ ਆਊਟ ਕਰਕੇ ਇਕ ਓਵਰ 'ਚ 2 ਸਫਲਤਾਵਾਂ ਹਾਸਲ ਕੀਤੀਆਂ। ਜਡੇਜਾ ਨੇ ਇਸ ਮੈਚ 'ਚ 3 ਵਿਕਟਾਂ ਲਈਆਂ।
ਜਡੇਜਾ ਨੇ IPL 'ਚ 100 ਕੈਚ ਕੀਤੇ ਪੂਰੇ: ਰਵਿੰਦਰ ਜਡੇਜਾ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਆਪਣੇ 100 ਕੈਚ ਪੂਰੇ ਕਰ ਲਏ ਹਨ। ਇਸ ਮੈਚ 'ਚ ਉਸ ਨੇ 3 ਕੈਚ ਲਏ ਅਤੇ ਇਨ੍ਹਾਂ ਕੈਚਾਂ ਨਾਲ ਉਸ ਨੇ IPL 'ਚ 100 ਕੈਚ ਪੂਰੇ ਕਰ ਲਏ। ਜਡੇਜਾ ਨੂੰ ਇਸ ਮੈਚ ਦਾ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ।