ਚੰਡੀਗੜ੍ਹ:ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੰਗਲਵਾਰ ਨੂੰ ਮੌਜੂਦਾ ਸੈਸ਼ਨ ਦੇ 7ਵੇਂ ਮੈਚ 'ਚ ਪਿਛਲੇ ਸਾਲ ਦੀ ਫਾਈਨਲਿਸਟ ਗੁਜਰਾਤ ਟਾਈਟਨਸ ਨੂੰ 63 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ CSK ਅੰਕ ਸੂਚੀ ਵਿੱਚ ਸਿਖਰ 'ਤੇ ਆ ਗਈ ਹੈ। ਟੀਮ ਦੇ ਖਾਤੇ 'ਚ 4 ਅੰਕ ਹਨ। ਚੇਨਈ ਨੇ ਸੀਜ਼ਨ ਦੇ ਓਪਨਰ 'ਚ ਇਸੇ ਮੈਦਾਨ 'ਤੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ ਸੀ।
ਚੇਪੌਕ ਸਟੇਡੀਅਮ 'ਚ ਗੁਜਰਾਤ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ 'ਚ 6 ਵਿਕਟਾਂ 'ਤੇ 206 ਦੌੜਾਂ ਬਣਾਈਆਂ। 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ।
ਚੇਨਈ ਲਈ ਰਚਿਨ ਰਵਿੰਦਰਾ (20 ਗੇਂਦਾਂ 'ਤੇ 46 ਦੌੜਾਂ) ਅਤੇ ਸ਼ਿਵਮ ਦੂਬੇ (23 ਗੇਂਦਾਂ 'ਤੇ 51 ਦੌੜਾਂ) ਨੇ ਧਮਾਕੇਦਾਰ ਪਾਰੀਆਂ ਖੇਡੀਆਂ, ਜਦਕਿ ਕਪਤਾਨ ਰੁਤੂਰਾਜ ਗਾਇਕਵਾੜ ਨੇ 36 ਗੇਂਦਾਂ 'ਤੇ 46 ਦੌੜਾਂ ਦਾ ਯੋਗਦਾਨ ਦਿੱਤਾ। ਰਾਸ਼ਿਦ ਖਾਨ ਨੇ ਦੋ ਵਿਕਟਾਂ ਹਾਸਲ ਕੀਤੀਆਂ। ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ। ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ ਅਤੇ ਤੁਸ਼ਾਰ ਦੇਸ਼ਪਾਂਡੇ ਨੇ 2-2 ਵਿਕਟਾਂ ਲਈਆਂ। ਸ਼ਿਵਮ ਦੂਬੇ ਨੂੰ ਉਸ ਦੀ ਅਰਧ ਸੈਂਕੜੇ ਵਾਲੀ ਪਾਰੀ ਲਈ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਏ ਸਲਾਮੀ ਬੱਲੇਬਾਜ਼ ਰਚਿਨ ਰਵਿੰਦਰ ਅਤੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਚੇਨਈ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਦੋਵਾਂ ਨੇ 32 ਗੇਂਦਾਂ 'ਤੇ 62 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਰਚਿਨ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਨੇ ਅਜਿੰਕਯ ਰਹਾਣੇ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ ਪਰ ਰਹਾਣੇ 12 ਗੇਂਦਾਂ 'ਤੇ 12 ਦੌੜਾਂ ਬਣਾ ਕੇ ਆਊਟ ਹੋ ਗਏ।
ਰਹਾਣੇ ਦੇ ਆਊਟ ਹੋਣ ਤੋਂ ਬਾਅਦ ਆਏ ਸ਼ਿਵਮ ਦੂਬੇ ਨੇ ਵੱਡੇ ਸ਼ਾਟ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਪਰ ਕਪਤਾਨ ਪੈਵੇਲੀਅਨ ਪਰਤ ਗਏ। ਅਜਿਹੇ 'ਚ ਦੂਬੇ ਨੇ ਡੇਰਿਲ ਮਿਸ਼ੇਲ ਦੇ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ 180 ਤੋਂ ਪਾਰ ਲੈ ਗਏ। ਬਾਅਦ 'ਚ ਸਮੀਰ ਰਿਜ਼ਵੀ ਨੇ ਆਪਣਾ ਡੈਬਿਊ ਮੈਚ ਖੇਡਦੇ ਹੋਏ 6 ਗੇਂਦਾਂ 'ਤੇ 14 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ 206 ਦੌੜਾਂ ਤੱਕ ਪਹੁੰਚਾਇਆ। ਰਾਸ਼ਿਦ ਖਾਨ ਨੇ ਦੋ ਵਿਕਟਾਂ ਹਾਸਲ ਕੀਤੀਆਂ। ਸਾਈ ਕਿਸ਼ੋਰ, ਸਪੈਂਸਰ ਜਾਨਸਨ ਅਤੇ ਮੋਹਿਤ ਸ਼ਰਮਾ ਨੂੰ ਇਕ-ਇਕ ਵਿਕਟ ਮਿਲੀ।