ਸੈਂਚੁਰੀਅਨ (ਦੱਖਣੀ ਅਫਰੀਕਾ) : ਟੀਮ ਇੰਡੀਆ ਨੇ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾ ਕੇ 4 ਮੈਚਾਂ ਦੀ ਟੀ-20 ਸੀਰੀਜ਼ 'ਚ 2-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਭਾਰਤ ਨੇ ਤੀਜੇ ਟੀ-20 ਵਿੱਚ ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ,
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 6 ਵਿਕਟਾਂ 'ਤੇ 219 ਦੌੜਾਂ ਬਣਾਈਆਂ। ਇਸ ਤੋਂ ਬਾਅਦ 220 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਰੀਕੀ ਟੀਮ ਨਿਰਧਾਰਤ 20 ਓਵਰਾਂ 'ਚ ਸਿਰਫ 208 ਦੌੜਾਂ ਹੀ ਬਣਾ ਸਕੀ ਅਤੇ 11 ਦੌੜਾਂ ਨਾਲ ਮੈਚ ਹਾਰ ਗਈ। ਮਾਰਕੋ ਜੈਨਸਨ ਅਫਰੀਕਾ ਲਈ ਸਭ ਤੋਂ ਵੱਡਾ ਸਕੋਰਰ ਰਿਹਾ, ਜਿਸ ਨੇ 16 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ, ਜੋ ਕਿ ਟੀ-20I ਵਿੱਚ ਅਫਰੀਕਾ ਲਈ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਜੈਨਸਨ ਨੇ 17 ਗੇਂਦਾਂ ਵਿੱਚ 54 ਦੌੜਾਂ ਬਣਾਈਆਂ ਪਰ ਆਪਣੀ ਟੀਮ ਨੂੰ ਜਿੱਤ ਵੱਲ ਲਿਜਾਣ ਵਿੱਚ ਨਾਕਾਮ ਰਿਹਾ।
ਅਰਸ਼ਦੀਪ ਸਿੰਘ ਨੇ ਕੀਤਾ ਕਮਾਲ
ਜੈਨਸੇਨ ਤੋਂ ਇਲਾਵਾ ਹੇਨਰਿਕ ਕਲਾਸੇਨ ਨੇ ਵੀ 22 ਗੇਂਦਾਂ 'ਤੇ 41 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਕਪਤਾਨ ਏਡਨ ਮਾਰਕਰਮ ਨੇ 29 ਦੌੜਾਂ ਦਾ ਯੋਗਦਾਨ ਦਿੱਤਾ। ਦੂਜੇ ਪਾਸੇ ਭਾਰਤ ਵੱਲੋਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਨਾਲ ਉਹ ਟੀ-20 ਆਈ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ। ਅਰਸ਼ਦੀਪ ਦੇ ਨਾਂ ਹੁਣ 59 ਮੈਚਾਂ 'ਚ 92 ਵਿਕਟਾਂ ਹਨ। ਉਸ ਨੇ ਭੁਵਨੇਸ਼ਵਰ ਕੁਮਾਰ (89) ਅਤੇ ਜਸਪ੍ਰੀਤ ਬੁਮਰਾਹ (89) ਨੂੰ ਪਿੱਛੇ ਛੱਡ ਦਿੱਤਾ। ਉਹ ਹੁਣ ਸਿਰਫ਼ ਯੁਜਵੇਂਦਰ ਚਾਹਲ (96) ਤੋਂ ਪਿੱਛੇ ਹੈ, ਜੋ ਇਸ ਸਮੇਂ ਟੀ-20 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ।
ਇਸ ਮੈਚ 'ਚ ਅਫਰੀਕੀ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਲਈ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨ ਆਏ। ਭਾਰਤ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਮੈਚ ਦੀ ਦੂਜੀ ਹੀ ਗੇਂਦ 'ਤੇ ਮਾਰਕੋ ਜੈਨਸਨ ਨੇ ਸੰਜੂ ਨੂੰ ਜ਼ੀਰੋ ਦੇ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਤਿਲਕ ਵਰਮਾ ਅਤੇ ਅਭਿਸ਼ੇਕ ਵਰਮਾ ਨੇ ਦੂਜੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ 107 ਤੱਕ ਪਹੁੰਚਾਇਆ। ਅਭਿਸ਼ੇਕ ਸ਼ਰਮਾ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ।