ਨਵੀਂ ਦਿੱਲੀ:ਭਾਰਤ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਟੀ-20 ਵਿਸ਼ਵ ਕੱਪ ਦਾ ਆਪਣਾ ਦੂਜਾ ਖ਼ਿਤਾਬ ਜਿੱਤ ਲਿਆ ਹੈ। ਐੱਮਐੱਸ ਧੋਨੀ ਨੇ ਟੀ-20 ਵਿਸ਼ਵ ਕੱਪ 2007 ਵਿੱਚ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਇਆ ਸੀ। ਹੁਣ ਇਕ ਵਾਰ ਫਿਰ ਭਾਰਤੀ ਟੀਮ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਬਣ ਗਈ ਹੈ। ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਭਾਰਤ ਵੱਲੋਂ ਦਿੱਤੇ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 169 ਦੌੜਾਂ 'ਤੇ ਢੇਰ ਹੋ ਗਈ ਅਤੇ 7 ਦੌੜਾਂ ਨਾਲ ਮੈਚ ਹਾਰ ਗਈ।
ਦੱਖਣੀ ਅਫਰੀਕਾ ਦੀ ਪਾਰੀ (169/8):ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਅਤੇ ਰੀਜ਼ਾ ਹੈਂਡਰਿਕਸ ਨੇ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 4 ਦੌੜਾਂ ਦੇ ਸਕੋਰ 'ਤੇ ਦੂਜੇ ਓਵਰ ਦੀ ਤੀਜੀ ਗੇਂਦ 'ਤੇ ਹੈਂਡਰਿਕਸ ਨੂੰ ਬੋਲਡ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ 4 ਦੌੜਾਂ ਦੇ ਨਿੱਜੀ ਸਕੋਰ 'ਤੇ ਤੀਜੇ ਓਵਰ ਦੀ ਤੀਜੀ ਗੇਂਦ 'ਤੇ ਏਡਨ ਮਾਰਕਰਮ ਨੂੰ ਰਿਸ਼ਭ ਪੰਤ ਹੱਥੋਂ ਕੈਚ ਆਊਟ ਕਰਵਾ ਦਿੱਤਾ। ਅਫਰੀਕਾ ਨੂੰ ਤੀਜਾ ਝਟਕਾ ਅਕਸ਼ਰ ਪਟੇਲ ਨੇ ਟ੍ਰਿਸਟਨ ਸਟੱਬਸ (31) ਨੂੰ ਬੋਲਡ ਕਰਕੇ ਦਿੱਤਾ।
ਇਸ ਤੋਂ ਬਾਅਦ ਕੁਇੰਟਨ ਡੀ ਕਾਕ 39 ਦੌੜਾਂ ਦੇ ਨਿੱਜੀ ਸਕੋਰ 'ਤੇ ਅਰਸ਼ਦੀਪ ਸਿੰਘ ਦੀ ਗੇਂਦ 'ਤੇ ਕੁਲਦੀਪ ਯਾਦਵ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਹੇਨਰਿਕ ਕਲਾਸੇਨ ਨੇ 52 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੇ ਹੱਥੋਂ ਮੈਚ ਖੋਹਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਕਲਾਸਨ (52) ਅਤੇ ਡੇਵਿਡ ਮਿਲਰ 21 ਨੂੰ ਆਊਟ ਕਰਕੇ ਭਾਰਤ ਨੂੰ ਮੈਚ 'ਚ ਵਾਪਸ ਲਿਆਂਦਾ। ਦੱਖਣੀ ਅਫਰੀਕਾ ਲਈ ਮਾਰਕੋ ਜੈਨਸਨ ਨੇ 2 ਦੌੜਾਂ, ਕੇਸ਼ਵ ਮਹਾਰਾਜ ਨੇ 2 ਦੌੜਾਂ, ਕਾਗਿਸੋ ਰਬਾਡਾ ਨੇ 4 ਦੌੜਾਂ ਅਤੇ ਐਨਰਿਕ ਨੌਰਟਜੇ ਨੇ 1 ਦੌੜਾਂ ਬਣਾਈਆਂ।
ਭਾਰਤ ਨੇ ਆਖਰੀ ਓਵਰ ਵਿੱਚ 16 ਦੌੜਾਂ ਦਾ ਬਚਾਅ ਕੀਤਾ। ਉਨ੍ਹਾਂ ਨੇ ਪਹਿਲੀ ਹੀ ਗੇਂਦ 'ਤੇ ਸੂਰਿਆਕੁਮਾਰ ਯਾਦਵ ਦੇ ਸ਼ਾਨਦਾਰ ਕੈਚ ਕਾਰਨ ਮਿਲਰ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਰਬਾਡਾ ਨੂੰ ਆਊਟ ਕਰਕੇ ਭਾਰਤ ਨੇ 7 ਦੌੜਾਂ ਨਾਲ ਜਿੱਤ ਦਰਜ ਕੀਤੀ।
ਭਾਰਤ ਦੀ ਪਾਰੀ (176/7): ਭਾਰਤ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਰੋਹਿਤ (9), ਰਿਸ਼ਭ ਪੰਤ (0) ਅਤੇ ਸੂਰਿਆਕੁਮਾਰ ਯਾਦਵ (3) ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਅਕਸ਼ਰ ਪਟੇਲ (47) ਅਤੇ ਵਿਰਾਟ ਕੋਹਲੀ ਨੇ 59 ਗੇਂਦਾਂ 'ਤੇ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 76 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 176 ਦੌੜਾਂ ਤੱਕ ਪਹੁੰਚਾਇਆ। ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਅਤੇ ਐਨਰਿਕ ਨੌਰਟਜੇ ਨੇ 2-2 ਵਿਕਟਾਂ ਲਈਆਂ। ਇਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ 2021 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 173 ਦੌੜਾਂ ਬਣਾਈਆਂ ਸਨ।