ਨਵੀਂ ਦਿੱਲੀ :ਭਾਰਤ ਬਨਾਮ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਗੌਤਮ ਗੰਭੀਰ ਦੀ ਕੋਚਿੰਗ ਹੇਠ ਭਾਰਤ ਦੀ ਇਹ ਪਹਿਲੀ ਜਿੱਤ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 213 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ 19.2 ਓਵਰਾਂ 'ਚ 170 ਦੌੜਾਂ 'ਤੇ ਢੇਰ ਹੋ ਗਈ।
ਭਾਰਤੀ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ:ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੂਰਿਆਕੁਮਾਰ ਯਾਦਵ ਦੇ ਅਰਧ ਸੈਂਕੜੇ ਦੀ ਬਦੌਲਤ 213 ਦੌੜਾਂ ਦਾ ਵੱਡਾ ਸਕੋਰ ਬਣਾਇਆ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ 26 ਗੇਂਦਾਂ ਵਿੱਚ 58 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ ਵੀ ਸ਼ਾਨਦਾਰ ਪਾਰੀ ਖੇਡੀ, ਉਨ੍ਹਾਂ ਨੇ 2 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਅਤੇ 49 ਦੌੜਾਂ ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਪਰਤ ਗਏ। ਜਿੰਨ੍ਹਾਂ ਨੇ 1 ਛੱਕਾ ਅਤੇ 5 ਚੌਕੇ ਲਗਾਏ। ਇਸ ਤੋਂ ਇਲਾਵਾ ਉਪ ਕਪਤਾਨ ਸ਼ੁਭਮਨ ਗਿੱਲ 34 ਦੌੜਾਂ ਬਣਾ ਕੇ ਆਊਟ ਹੋ ਗਏ।
ਸ਼੍ਰੀਲੰਕਾ ਦੀ ਸ਼ੁਰੂਆਤ ਸ਼ਾਨਦਾਰ ਰਹੀ: ਭਾਰਤ ਦੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ। ਸ਼੍ਰੀਲੰਕਾ ਨੇ 8 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 80 ਦੌੜਾਂ ਬਣਾ ਲਈਆਂ ਸਨ। ਸ਼੍ਰੀਲੰਕਾ ਦੀ ਪਹਿਲੀ ਵਿਕਟ 8.4 ਓਵਰਾਂ 'ਚ 84 ਦੌੜਾਂ ਦੇ ਸਕੋਰ 'ਤੇ ਡਿੱਗੀ, ਜਿੱਥੇ ਕੁਸਲ ਮੈਂਡਿਸ 27 ਗੇਂਦਾਂ 'ਚ 45 ਦੌੜਾਂ ਬਣਾ ਕੇ ਆਊਟ ਹੋ ਗਏ। ਮੈਂਡਿਸ ਨੇ 1 ਛੱਕੇ ਅਤੇ 7 ਚੌਕਿਆਂ ਨਾਲ ਸਜੀ ਪਾਰੀ ਖੇਡੀ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਦੂਜੀ ਵਿਕਟ 140 ਦੇ ਸਕੋਰ 'ਤੇ ਡਿੱਗੀ ਜਦੋਂ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ 48 ਗੇਂਦਾਂ 'ਚ 79 ਦੌੜਾਂ ਬਣਾ ਕੇ ਅਕਸ਼ਰ ਪਟੇਲ ਦਾ ਸ਼ਿਕਾਰ ਬਣੇ।
ਸਲਾਮੀ ਬੱਲੇਬਾਜ਼ਾਂ ਤੋਂ ਇਲਾਵਾ ਸ਼੍ਰੀਲੰਕਾਈ ਨਹੀਂ ਦਿਖਾ ਸਕੇ ਦਮ: ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਸ਼੍ਰੀਲੰਕਾ ਦਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਟੀਮ ਇਹ ਮੈਚ ਵੱਡੇ ਫਰਕ ਨਾਲ ਹਾਰ ਗਈ। ਸ਼੍ਰੀਲੰਕਾ ਦੇ ਹੋਰ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਕੁਸਲ ਪਰੇਰਾ 20 ਦੌੜਾਂ ਬਣਾ ਕੇ ਆਊਟ ਹੋਏ, ਕਮਿੰਦੂ ਮੈਂਡਿਸ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਕਪਤਾਨ ਚਰਿਥ ਅਸਾਲੰਕਾ, ਦਾਸੁਨ ਸ਼ੰਕਾ ਅਤੇ ਦਿਲਸ਼ਾਨ ਮਧੂਸ਼ੰਕਾ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਵਨਿੰਦੂ ਹਸਾਰੰਗਾ ਨੇ 2 ਦੌੜਾਂ ਬਣਾਈਆਂ।
ਭਾਰਤੀ ਗੇਂਦਬਾਜ਼ਾਂ ਦਾ ਕਿਵੇਂ ਰਿਹਾ ਪ੍ਰਦਰਸ਼ਨ:ਭਾਰਤ ਦੇ ਗੇਂਦਬਾਜ਼ੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਰਿਆਨ ਪਰਾਗ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਦਕਿ ਅਰਸ਼ਦੀਪ ਸਿੰਘ ਅਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮੁਹੰਮਦ ਸਿਰਾਜ ਅਤੇ ਰਵੀ ਬਿਸ਼ਨੋਈ ਨੂੰ ਇਕ-ਇਕ ਵਿਕਟ ਮਿਲੀ। ਹਾਰਦਿਕ ਪੰਡਯਾ ਨੇ 4 ਓਵਰ ਸੁੱਟੇ ਪਰ ਉਹ 41 ਦੌੜਾਂ ਦੇ ਕੇ ਇੱਕ ਵੀ ਵਿਕਟ ਨਹੀਂ ਲੈ ਸਕੇ।