ਨਵੀਂ ਦਿੱਲੀ:ਟੀਮ ਇੰਡੀਆ ਅਤੇ ਦੱਖਣੀ ਅਫਰੀਕਾ ਵਿਚਾਲੇ 8 ਨਵੰਬਰ ਤੋਂ ਚਾਰ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣ ਵਾਲੀ ਹੈ। ਇਸ ਸੀਰੀਜ਼ 'ਚ ਭਾਰਤ ਦੇ ਮੁੱਖ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਹੋਣਗੇ। ਉਨ੍ਹਾਂ ਦਾ ਸਾਥ ਭਾਰਤੀ ਤੇਜ਼ ਗੇਂਦਬਾਜ਼ ਆਲਰਾਊਂਡਰ ਹਾਰਦਿਕ ਪੰਡਯਾ ਦਿੰਦੇ ਨਜ਼ਰ ਆਉਣਗੇ। ਇਸ ਸੀਰੀਜ਼ 'ਚ ਦੋਵਾਂ ਕੋਲ ਇਕ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ।
ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਕੋਲ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਲਈ ਅਨੁਕੂਲ ਮੰਨੀਆਂ ਜਾਂਦੀਆਂ ਪਿੱਚਾਂ 'ਤੇ ਇਤਿਹਾਸ ਰਚਣ ਦਾ ਮੌਕਾ ਹੋਵੇਗਾ। ਇਨ੍ਹਾਂ ਦੋਵਾਂ ਕੋਲ ਭਾਰਤ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਮੌਕਾ ਹੋਵੇਗਾ। ਜੇਕਰ ਦੋਵੇਂ ਇਸ ਸੀਰੀਜ਼ 'ਚ 10 ਵਿਕਟਾਂ ਲੈ ਲੈਂਦੇ ਹਨ ਤਾਂ ਉਹ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਯੁਜਵੇਂਦਰ ਚਾਹਲ ਦੇ ਨਾਲ ਸਾਂਝੇ ਤੌਰ 'ਤੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਕੋਈ ਇਨ੍ਹਾਂ 'ਚੋਂ 11 ਵਿਕਟਾਂ ਲੈਂਦਾ ਹੈ ਤਾਂ ਉਹ ਟੀ-20 'ਚ ਟੀਮ ਇੰਡੀਆ ਦਾ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਜਾਵੇਗਾ।
ਕੀ ਇਤਿਹਾਸ ਰਚ ਸਕਦੇ ਹਨ ਅਰਸ਼ਦੀਪ ਸਿੰਘ
ਜੇਕਰ ਅਰਸ਼ਦੀਪ ਸਿੰਘ ਇਸ ਸੀਰੀਜ਼ 'ਚ 11 ਵਿਕਟਾਂ ਲੈ ਲੈਂਦੇ ਹਨ ਤਾਂ ਉਹ ਟੀ-20 ਕ੍ਰਿਕਟ 'ਚ ਸਭ ਤੋਂ ਘੱਟ ਮੈਚਾਂ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣ ਜਾਣਗੇ। ਉਥੇ ਹੀ ਉਨ੍ਹਾਂ ਕੋਲ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤ ਲਈ ਪਹਿਲੇ ਤੇਜ਼ ਗੇਂਦਬਾਜ਼ ਬਣਨ ਦਾ ਵੀ ਮੌਕਾ ਹੋਵੇਗਾ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 87 ਮੈਚਾਂ 'ਚ ਕੁੱਲ 90 ਵਿਕਟਾਂ ਲਈਆਂ ਹਨ, ਜਦਕਿ ਜਸਪ੍ਰੀਤ ਬੁਮਰਾਹ ਨੇ 70 ਮੈਚਾਂ 'ਚ 89 ਵਿਕਟਾਂ ਹਾਸਲ ਕੀਤੀਆਂ ਹਨ। ਇਨ੍ਹਾਂ ਦੋਵਾਂ ਤੋਂ ਬਾਅਦ ਅਰਸ਼ਦੀਪ ਸਿੰਘ 56 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 87 ਵਿਕਟਾਂ ਲੈ ਕੇ ਭਾਰਤ ਲਈ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।