ਨਵੀਂ ਦਿੱਲੀ:ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ 'ਚ ਹੁਣ ਤੱਕ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਚਾਰ ਦਿਨਾਂ ਦੀ ਖੇਡ ਖਤਮ ਹੋਣ ਤੋਂ ਬਾਅਦ ਭਲਕੇ ਆਖਰੀ ਅਤੇ ਪੰਜਵੇਂ ਦਿਨ ਕੀਵੀ ਟੀਮ ਨੂੰ ਜਿੱਤ ਲਈ 107 ਦੌੜਾਂ ਦੀ ਲੋੜ ਹੈ ਅਤੇ ਨਿਊਜ਼ੀਲੈਂਡ ਦੀਆਂ ਸਾਰੀਆਂ ਵਿਕਟਾਂ ਬਾਕੀ ਹਨ।
ਚੌਥੇ ਦਿਨ ਖੇਡਣ ਆਏ ਸਰਫਰਾਜ਼ ਖਾਨ ਅਤੇ ਰਿਸ਼ਭ ਪੰਤ ਦੀ ਸ਼ਾਨਦਾਰ ਬੱਲੇਬਾਜ਼ੀ ਨੂੰ ਦੇਖ ਕੇ ਇਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਨਿਊਜ਼ੀਲੈਂਡ ਦੀ 356 ਦੌੜਾਂ ਦੀ ਲੀਡ ਨੂੰ ਪੂਰਾ ਕਰਕੇ ਕੀਵੀ ਟੀਮ ਨੂੰ ਵੱਡਾ ਟੀਚਾ ਦੇਵੇਗਾ। ਪਰ ਸਰਫਰਾਜ਼ ਖਾਨ ਦਾ ਵਿਕਟ ਡਿੱਗਣ ਤੋਂ ਬਾਅਦ ਰਿਸ਼ਭ ਪੰਤ ਵੀ ਸੈਂਕੜਾ ਬਣਾਉਣ ਤੋਂ ਖੁੰਝ ਗਏ ਅਤੇ 99 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ।
ਸਰਫਰਾਜ਼ ਖਾਨ ਦੇ ਆਊਟ ਹੋਣ ਤੱਕ ਭਾਰਤ ਨੇ 60 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ ਪਰ ਇਸ ਤੋਂ ਬਾਅਦ ਟੀਮ 37 ਦੌੜਾਂ ਹੀ ਬਣਾ ਸਕੀ। ਜਦੋਂ ਭਾਰਤੀ ਟੀਮ ਦੂਜੀ ਪਾਰੀ 'ਚ ਗੇਂਦਬਾਜ਼ੀ ਕਰਨ ਲਈ ਉਤਰੀ ਤਾਂ ਚੌਥੀ ਹੀ ਗੇਂਦ 'ਤੇ ਇੱਕ ਮੌਕਾ ਬਣਿਆ ਅਤੇ ਉਸ ਤੋਂ ਬਾਅਦ ਖਰਾਬ ਮੌਸਮ ਅਤੇ ਘੱਟ ਰੋਸ਼ਨੀ ਕਾਰਨ ਖੇਡ ਉਥੇ ਹੀ ਖਤਮ ਕਰ ਦਿੱਤੀ ਗਈ।
ਹਾਲਾਂਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਅੰਪਾਇਰ ਦੇ ਫੈਸਲੇ ਦਾ ਵਿਰੋਧ ਕਰਦੇ ਨਜ਼ਰ ਆਏ ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਮੀਂਹ ਪੈ ਗਿਆ। ਟੀਮ ਇੰਡੀਆ ਹੁਣ ਕੁਝ ਓਵਰ ਸੁੱਟ ਕੇ ਇੱਕ ਜਾਂ ਦੋ ਵਿਕਟਾਂ ਲੈਣਾ ਚਾਹੁੰਦੀ ਸੀ। ਪਰ ਮੌਸਮ ਦੇ ਕਾਰਨ ਟੀਮ ਇੰਡੀਆ ਦੀ ਇਹ ਯੋਜਨਾ ਸਫਲ ਨਹੀਂ ਹੋ ਸਕੀ।