ਨਵੀਂ ਦਿੱਲੀ:ਚੈਂਪੀਅਨਸ ਟਰਾਫੀ 2025 ਹਾਈਬ੍ਰਿਡ ਮਾਡਲ ਤਹਿਤ ਕਰਵਾਈ ਜਾ ਸਕਦੀ ਹੈ। ਹੁਣ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਇਸ ਦੇ ਪ੍ਰਧਾਨ ਮੋਹਸਿਨ ਨਕਵੀ ਦੇ ਸੁਰ ਨਰਮ ਹੁੰਦੇ ਨਜ਼ਰ ਆ ਰਹੇ ਹਨ। ਪਾਕਿਸਤਾਨ ਫਰਵਰੀ-ਮਾਰਚ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ, ਭਾਰਤ ਨੇ ਸੁਰੱਖਿਆ ਅਤੇ ਸਿਆਸੀ ਕਾਰਨਾਂ ਕਰਕੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਦੋਂ ਤੋਂ ਹੀ ਇਸ ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ 'ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਈਬ੍ਰਿਡ ਮਾਡਲ 'ਤੇ ਹੋ ਸਕਦੀ ਚੈਂਪੀਅਨਸ ਟਰਾਫੀ
ਹੁਣ ਪੀਸੀਬੀ ਚੇਅਰਮੈਨ ਨਕਵੀ ਨੇ ਚੈਂਪੀਅਨਜ਼ ਟਰਾਫੀ ਲਈ ਹਾਈਬ੍ਰਿਡ ਮਾਡਲ 'ਤੇ ਚਰਚਾ ਕਰਨ ਲਈ ਅਮੀਰਾਤ ਬੋਰਡ ਦੇ ਮੁਖੀ ਉਸਮਾਨੀ ਨਾਲ ਮੁਲਾਕਾਤ ਕੀਤੀ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੈਂਪੀਅਨਜ਼ ਟਰਾਫੀ ਲਈ ਹਾਈਬ੍ਰਿਡ ਮਾਡਲ ਬਾਰੇ ਚਰਚਾ ਕਰਨ ਲਈ ਦੁਬਈ ਵਿੱਚ ਅਮੀਰਾਤ ਕ੍ਰਿਕਟ ਬੋਰਡ ਦੇ ਮੁਖੀ ਮੁਬਾਸ਼ਿਰ ਉਸਮਾਨੀ ਨਾਲ ਮੁਲਾਕਾਤ ਕੀਤੀ ਹੈ। ਉਦੋਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਹਾਈਬ੍ਰਿਡ ਮਾਡਲ ਲਈ ਸਹਿਮਤ ਹੋ ਸਕਦਾ ਹੈ।
ਸ਼ੁੱਕਰਵਾਰ ਨੂੰ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਪਾਕਿਸਤਾਨ ਨੂੰ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਲਈ ਜਾਂ ਤਾਂ 'ਹਾਈਬ੍ਰਿਡ' ਮਾਡਲ ਸਵੀਕਾਰ ਕਰਨ ਲਈ ਕਿਹਾ ਜਾਂ ਈਵੈਂਟ ਤੋਂ ਹੱਟਣ ਲਈ ਤਿਆਰ ਰਹਿਣ ਲਈ ਕਿਹਾ।ਆਈਸੀਸੀ ਬੋਰਡ ਦੇ ਜ਼ਿਆਦਾਤਰ ਮੈਂਬਰਾਂ ਨੇ ਨਕਵੀ ਨੂੰ 'ਹਾਈਬ੍ਰਿਡ' ਮਾਡਲ ਸਵੀਕਾਰ ਕਰਨ ਦੀ ਸਲਾਹ ਦਿੱਤੀ। ਅਜਿਹੇ 'ਚ ਚੈਂਪੀਅਨਸ ਟਰਾਫੀ 'ਚ ਭਾਰਤ ਦੇ ਮੈਚ ਯੂ.ਏ.ਈ. ਵਿੱਚ ਕਰਵਾਏ ਜਾਣਗੇ।
ਕੀ ਬੋਲੇ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ
ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਨੂੰ ਕਿਹਾ ਹੈ ਕਿ ਉਹ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਲਈ 'ਹਾਈਬ੍ਰਿਡ' ਮਾਡਲ ਨੂੰ ਸਵੀਕਾਰ ਕਰਨ ਲਈ ਤਿਆਰ ਹੈ, ਬਸ਼ਰਤੇ ਆਈਸੀਸੀ 2031 ਤੱਕ ਭਾਰਤ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਅਜਿਹਾ ਪ੍ਰਬੰਧ ਕਰਨ ਦਾ ਵਾਅਦਾ ਕਰੇ। ਨਕਵੀ ਨੇ ਪੱਤਰਕਾਰਾਂ ਨੂੰ ਕਿਹਾ, ਮੈਂ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਸ ਨਾਲ ਹਾਲਾਤ ਵਿਗੜ ਸਕਦੇ ਹਨ। ਅਸੀਂ ਆਪਣਾ ਵਿਚਾਰ (ਆਈਸੀਸੀ ਨੂੰ) ਦਿੱਤਾ ਹੈ, ਭਾਰਤੀਆਂ ਨੇ ਵੀ ਆਪਣਾ ਵਿਚਾਰ ਦਿੱਤਾ ਹੈ। ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਹੈ ਕਿ ਸਭ ਕੁਝ ਹਰ ਕਿਸੇ ਲਈ ਸਹੀ ਹੋਵੇ।
ਉਨ੍ਹਾਂ ਨੇ ਕਿਹਾ, "ਕ੍ਰਿਕਟ ਨੂੰ ਜਿੱਤਣਾ ਚਾਹੀਦਾ ਹੈ, ਇਹ ਸਭ ਤੋਂ ਮਹੱਤਵਪੂਰਨ ਹੈ, ਪਰ ਸਭ ਦੇ ਸਨਮਾਨ ਨਾਲ। ਅਸੀਂ ਉਹ ਕਰਾਂਗੇ ਜੋ ਕ੍ਰਿਕਟ ਲਈ ਸਭ ਤੋਂ ਵਧੀਆ ਹੈ। ਅਸੀਂ ਜੋ ਵੀ ਫਾਰਮੂਲਾ ਅਪਣਾਵਾਂਗੇ, ਉਹ ਬਰਾਬਰੀ 'ਤੇ ਹੋਵੇਗਾ। ਪਾਕਿਸਤਾਨ ਦਾ ਮਾਣ ਸਭ ਤੋਂ ਜ਼ਰੂਰੀ ਹੈ। ਕ੍ਰਿਕਟ ਦੀ ਜਿੱਤ ਯਕੀਨੀ ਬਣਾਈ ਜਾਵੇ, ਪਰ ਪਾਕਿਸਤਾਨ ਦਾ ਮਾਣ ਵੀ ਬਰਕਰਾਰ ਰਹੇ।"
ਨਕਵੀ ਨੇ ਕਿਹਾ, 'ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਮੇਰੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਕੋਈ ਇਕਪਾਸੜ ਪ੍ਰਬੰਧ ਨਾ ਹੋਵੇ। ਅਜਿਹਾ ਨਾ ਹੋਵੇ ਕਿ ਅਸੀਂ ਭਾਰਤ ਦੀ ਯਾਤਰਾ ਕਰਦੇ ਹਾਂ ਅਤੇ ਉਹ ਸਾਡੇ ਦੇਸ਼ ਵਿਚ ਨਾ ਆਉਣ। ਵਿਚਾਰ ਇਹ ਹੈ ਕਿ ਇਸ ਨੂੰ ਇਕ ਵਾਰ ਅਤੇ ਸਾਰਿਆਂ ਲਈ ਬਰਾਬਰ ਸ਼ਰਤਾਂ 'ਤੇ ਨਿਪਟਾਉਣਾ ਹੈ।'
ਕੀ ਹਨ ਪੀਸੀਬੀ ਦੀਆਂ ਦੋ ਵੱਡੀਆਂ ਸ਼ਰਤਾਂ
- ਪੀਸੀਬੀ ਚਾਹੁੰਦਾ ਹੈ ਕਿ ਜੇਕਰ ਭਾਰਤੀ ਟੀਮ ਫਾਈਨਲ ਵਿੱਚ ਨਹੀਂ ਪਹੁੰਚੀ ਤਾਂ ਫਾਈਨਲ ਮੈਚ ਲਾਹੌਰ ਵਿੱਚ ਖੇਡਿਆ ਜਾਵੇ।
- ਭਾਰਤ ਵਿਚ ਹੋਣ ਵਾਲੇ ਆਈਸੀਸੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਹਾਈਬ੍ਰਿਡ ਮਾਡਲ 'ਤੇ ਹੋਣੀ ਚਾਹੀਦੀ ਹੈ ਅਤੇ ਪਾਕਿਸਤਾਨ ਨੂੰ ਆਪਣੇ ਮੈਚ ਭਾਰਤ ਵਿਚ ਨਹੀਂ ਖੇਡਣੇ ਚਾਹੀਦੇ।