ਨਵੀਂ ਦਿੱਲੀ: ਦਿੱਲੀ ਪ੍ਰੀਮੀਅਰ ਲੀਗ (ਡੀ.ਪੀ.ਐੱਲ.) 2024 'ਚ ਇਕ ਨੌਜਵਾਨ ਬੱਲੇਬਾਜ਼ ਨੇ ਨਵਾਂ ਰਿਕਾਰਡ ਬਣਾਇਆ ਹੈ। ਅੱਜ ਦੱਖਣੀ ਦਿੱਲੀ ਅਤੇ ਉੱਤਰੀ ਦਿੱਲੀ ਵਿਚਾਲੇ ਖੇਡੇ ਜਾ ਰਹੇ ਟੀ-20 ਮੈਚ 'ਚ ਪ੍ਰਿਯਾਂਸ਼ ਆਰੀਆ ਨੇ ਇਕ ਓਵਰ 'ਚ 6 ਛੱਕੇ ਲਗਾ ਕੇ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਇਸ ਮੈਚ ਵਿੱਚ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਵੀ ਬਣਿਆ ਹੈ।
ਪ੍ਰਿਯਾਂਸ਼ ਆਰੀਆ ਨੇ 1 ਓਵਰ 'ਚ 6 ਛੱਕੇ ਲਗਾਏ: ਦੱਖਣੀ ਦਿੱਲੀ ਦੇ ਪ੍ਰਿਯਾਂਸ਼ ਨੇ ਯੁਵਰਾਜ ਸਿੰਘ ਵਾਂਗ ਧਮਾਕੇਦਾਰ ਅੰਦਾਜ਼ 'ਚ ਬੱਲੇਬਾਜ਼ੀ ਕੀਤੀ ਹੈ। ਮੈਚ ਦੇ 12ਵੇਂ ਓਵਰ ਵਿੱਚ ਜਦੋਂ ਮਨਨ ਭਾਰਦਵਾਜ ਗੇਂਦਬਾਜ਼ੀ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਇੱਕ ਹੀ ਓਵਰ ਵਿੱਚ 36 ਦੌੜਾਂ ਬਣਾਈਆਂ। ਓਵਰ ਦੀ ਪਹਿਲੀ ਹੀ ਗੇਂਦ 'ਤੇ ਉਨ੍ਹਾਂ ਨੇ ਲਾਂਗ ਆਫ ਬਾਉਂਡਰੀ 'ਤੇ ਛੱਕਾ ਲਗਾਇਆ। ਦੂਜੀ ਗੇਂਦ 'ਤੇ ਉਨ੍ਹਾਂ ਨੇ ਡੀਪ ਮਿਡਵਿਕਟ 'ਤੇ ਛੱਕਾ ਲਗਾਇਆ ਅਤੇ ਤੀਜੀ ਗੇਂਦ 'ਤੇ ਲਾਂਗ ਆੱਨ 'ਤੇ ਛੱਕਾ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਚੌਥੀ ਅਤੇ ਪੰਜਵੀਂ ਗੇਂਦ 'ਤੇ ਉਸੇ ਦਿਸ਼ਾ 'ਚ ਛੱਕੇ ਜੜੇ। ਇਸ ਤੋਂ ਬਾਅਦ ਉਨ੍ਹਾਂ ਨੇ ਆਖਰੀ ਗੇਂਦ 'ਤੇ ਲਾਂਗ ਆੱਫ ਦੇ ਉਤੇ ਤੋਂ ਛੱਕਾ ਜੜਦੇ ਹੋਏ 1 ਓਵਰ 'ਚ 6 ਛੱਕੇ ਪੂਰੇ ਕੀਤੇ।
ਪ੍ਰਿਯਾਂਸ਼ ਆਰੀਆ ਨੇ ਰਚਿਆ ਇਤਿਹਾਸ:ਇਸ ਨਾਲ ਪ੍ਰਿਯਾਂਸ਼ ਆਰੀਆ ਨੇ ਡੀਪੀਐਲ ਵਿੱਚ ਇਤਿਹਾਸ ਰਚ ਦਿੱਤਾ। ਉਹ ਰਵੀ ਸ਼ਾਸਤਰੀ ਅਤੇ ਯੁਵਰਾਜ ਸਿੰਘ ਤੋਂ ਬਾਅਦ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਵਾਲੇ ਤੀਜਾ ਭਾਰਤੀ ਬਣ ਗਏ। ਇਸ ਦੇ ਨਾਲ ਉਹ ਘਰੇਲੂ ਲੀਗ ਵਿੱਚ ਅਜਿਹਾ ਕਰਨ ਵਾਲੇ ਚੌਥੇ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਰੌਸ ਵਾਈਟਲੀ (2017), ਹਜ਼ਰਤੁੱਲਾ ਜ਼ਜ਼ਈ (2018) ਅਤੇ ਲਿਓ ਕਾਰਟਰ (2020) ਨੇ ਘਰੇਲੂ ਟੀ-20 ਮੈਚਾਂ ਵਿੱਚ ਇੱਕ ਹੀ ਓਵਰ ਵਿੱਚ 6 ਛੱਕੇ ਲਗਾਏ ਸਨ। ਪ੍ਰਿਯਾਂਸ਼ ਨੇ ਇਸੇ ਹਮਲਾਵਰ ਤਰੀਕੇ ਨਾਲ ਬੱਲੇਬਾਜ਼ੀ ਜਾਰੀ ਰੱਖੀ ਅਤੇ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 39 ਗੇਂਦਾਂ ਵਿੱਚ 10 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 120 ਦੌੜਾਂ ਬਣਾਈਆਂ।
ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ: ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਦਿੱਲੀ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 308 ਦੌੜਾਂ ਬਣਾਈਆਂ। ਇਹ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕੀ ਕ੍ਰਿਕਟ ਟੀਮ ਨੇ 314 ਦੌੜਾਂ ਬਣਾਈਆਂ ਸਨ, ਜੋ ਟੀ-20 ਕ੍ਰਿਕਟ 'ਚ ਸਭ ਤੋਂ ਵੱਡਾ ਸਕੋਰ ਸੀ। ਇਸ ਦੇ ਨਾਲ ਹੀ ਦੱਖਣੀ ਦਿੱਲੀ ਵੱਲੋਂ ਬਣਾਈਆਂ ਗਈਆਂ 308 ਦੌੜਾਂ ਫਰੈਂਚਾਇਜ਼ੀ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਮੈਚ 'ਚ ਕਪਤਾਨ ਆਯੂਸ਼ ਬਡੋਨੀ ਨੇ 165 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 55 ਗੇਂਦਾਂ 'ਤੇ 8 ਚੌਕਿਆਂ ਅਤੇ 19 ਛੱਕਿਆਂ ਦੀ ਮਦਦ ਨਾਲ ਇਹ ਸ਼ਾਨਦਾਰ ਪਾਰੀ ਖੇਡੀ।